ਏਮਜ਼ ਦਾ ਸਰਵਰ 8ਵੇਂ ਦਿਨ ਵੀ ਠੱਪ, OPD ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 20 ਫੀਸਦੀ ਵਧੀ
Thursday, Dec 01, 2022 - 11:36 AM (IST)
ਨਵੀਂ ਦਿੱਲੀ (ਭਾਸ਼ਾ)– ਸਾਈਬਰ ਹਮਲੇ ਤੋਂ ਬਾਅਦ ਦੇਸ਼ ਦੇ ਪ੍ਰਮੁੱਖ ਹਸਪਤਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਾ ਸਰਵਰ ਬੁੱਧਵਾਰ ਨੂੰ ਲਗਾਤਾਰ 8ਵੇਂ ਦਿਨ ਵੀ ਠੱਪ ਰਿਹਾ, ਜਿਸ ਨਾਲ ‘ਆਨਲਾਈਨ ਅਪੁਆਇੰਟਮੈਂਟ’ ਪ੍ਰਣਾਲੀ ਬੰਦ ਰਹੀ, ਉਥੇ ਹੀ ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ 20 ਫੀਸਦੀ ਵਾਧਾ ਹੋਣ ਨਾਲ ਲੰਬੀਆਂ ਲਾਈਨਾਂ ਲੱਗ ਗਈਆਂ।
ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਹਸਪਤਾਲ ਪ੍ਰਸ਼ਾਸਨ ਨੇ ਵਾਧੂ ਕਰਮਚਾਰੀ ਤਾਇਨਾਤ ਕੀਤੇ ਹਨ। ਬਾਹਰੀ ਰੋਗੀ, ਦਾਖਲ ਮਰੀਜ਼ ਅਤੇ ਪ੍ਰਯੋਗਸ਼ਾਲਾ ਸਮੇਤ ਸਾਰੀਆਂ ਹਲਪਤਾਲ ਸੇਵਾਵਾਂ ਨੂੰ ਕਾਗਜ਼ੀ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਓ. ਪੀ. ਡੀ. ਤੋਂ ਇਲਾਵਾ ਡਾਇਗਨੋਸਟਿਕ ਸੈਂਟਰਾਂ ਅਤੇ ਬਿਲਿੰਗ ਕਾਊਂਟਰਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਹਸਪਤਾਲ ਦੇ ਅਧਿਕਾਰੀਆਂ ਦੇ ਨਾਲ ਹੋਰ ਏਜੰਸੀਆਂ ਸਰਵਰ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਸਰਵਰ ’ਤੇ ‘ਈ-ਹਸਪਤਾਲ ਡਾਟਾ’ ਨੂੰ ਬਹਾਲ ਕਰ ਦਿੱਤਾ ਗਿਆ ਹੈ। ਐਮਰਜੈਂਸੀ ਮਾਮਲਿਆਂ ਵਿਚ ਵਟਸਐਪ ਦੀ ਮਦਦ ਲਈ ਜਾ ਰਹੀ ਹੈ ਅਤੇ ਕਿਉਕਿ ਡਾਕਟਰ ਮਰੀਜ਼ਾਂ ਦੀ ਜਾਂਚ ਰਿਪੋਰਟ ਨੂੰ ਸਾਂਝਾ ਕਰਨ ਲਈ ਇਸ ਐਪ ਦੀ ਵਰਤੋਂ ਕਰ ਰਹੇ ਹਨ।