ਹੈਦਰਾਬਾਦ ਗੈਂਗਰੇਪ ਤੇ ਕਤਲ ਕੇਸ : ਦੋਸ਼ੀਆਂ ਦਾ ਮੁੜ ਪੋਸਟਮਾਰਟਮ ਲਈ ਏਮਸ ਨੇ ਬਣਾਈ ਟੀਮ

12/22/2019 6:29:21 PM

ਨਵੀਂ ਦਿੱਲੀ (ਭਾਸ਼ਾ)— ਏਮਸ ਨੇ ਹੈਦਰਾਬਾਦ ਨੇੜੇ ਇਕ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਦੇ ਚਾਰੋਂ ਦੋਸ਼ੀਆਂ ਦੀਆਂ ਲਾਸ਼ਾਂ ਦਾ ਦੂਜੀ ਵਾਰ ਪੋਸਟਮਾਰਟਮ ਕਰਨ ਲਈ 3 ਫੋਰੈਂਸਿਕ ਡਾਕਟਰਾਂ ਦੀ ਟੀਮ ਬਣਾਈ ਹੈ। ਇਹ ਚਾਰੋਂ ਦੋਸ਼ੀ 6 ਦਸੰਬਰ ਨੂੰ ਪੁਲਸ ਐਨਕਾਊਂਟਰ ਵਿਚ ਮਾਰੇ ਗਏ ਸਨ। ਏਮਸ 'ਚ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਸੁਧੀਰ ਗੁਪਤਾ ਦੀ ਅਗਵਾਈ ਵਾਲੀ ਟੀਮ 'ਚ ਡਾ. ਅਭਿਸ਼ੇਕ ਯਾਦਵ ਅਤੇ ਡਾ. ਆਦਰਸ਼ ਕੁਮਾਰ ਮੈਂਬਰ ਹਨ। ਪੋਸਟਮਾਰਟਮ 'ਚ ਡਾ. ਵਰੁਣ ਚੰਦਰਾ ਟੀਮ ਦੀ ਮਦਦ ਕਰਨਗੇ।

PunjabKesari

ਤੇਲੰਗਾਨਾ ਦੇ ਵਿਸ਼ੇਸ਼ ਸਕੱਤਰ ਨੂੰ ਭੇਜੀ ਗਈ ਇਕ ਚਿੱਠੀ 'ਚ ਏਮਸ ਨੇ ਦੱਸਿਆ ਕਿ ਟੀਮ ਹੈਦਰਾਬਾਦ 'ਚ 23 ਦਸੰਬਰ ਨੂੰ ਸਵੇਰੇ 9 ਵਜੇ ਸਰਕਾਰੀ ਗਾਂਧੀ ਹਸਪਤਾਲ ਦੇ ਮੁਰਦਾਘਰ 'ਚ ਪੋਸਟਮਾਰਟਮ ਕਰੇਗੀ। ਇਕ ਸੂਤਰ ਨੇ ਦੱਸਿਆ ਕਿ ਡਾਕਟਰੀ ਬੋਰਡ 22 ਦਸੰਬਰ ਨੂੰ ਸ਼ਾਮ ਸਵਾ 5 ਵਜੇ ਦੇ ਕਰੀਬ ਤੇਲੰਗਾਨਾ ਲਈ ਰਵਾਨਾ ਹੋਵੇਗਾ ਅਤੇ 23 ਦਸੰਬਰ ਨੂੰ ਪਰਤੇਗਾ। ਇੱਥੇ ਦੱਸ ਦੇਈਏ ਕਿ ਤੇਲੰਗਾਨਾ ਹਾਈ ਕੋਰਟ ਨੇ ਚਾਰੋਂ ਦੋਸ਼ੀਆਂ ਦਾ ਦੂਜੀ ਵਾਰ ਪੋਸਟਮਾਰਟਮ ਕਰਨ ਦਾ ਨਿਰਦੇਸ਼ ਦਿੱਤਾ ਸੀ। ਪੋਸਟਮਾਰਟਮ ਮਗਰੋਂ ਲਾਸ਼ਾਂ ਨੂੰ ਚਾਰੋਂ ਦੋਸ਼ੀਆਂ ਦੇ ਪਰਿਵਾਰਾਂ ਨੂੰ ਸੌਂਪਿਆ ਜਾ ਸਕਦਾ ਹੈ।

PunjabKesari

ਚਾਰੋਂ ਦੋਸ਼ੀਆਂ ਨੂੰ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਸਾੜਨ ਦੇ ਦੋਸ਼ ਹਨ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ ਸਨ। 6 ਦਸੰਬਰ ਨੂੰ ਪੁਲਸ ਨੇ ਐਨਕਾਊਂਟਰ ਵਿਚ ਇਨ੍ਹਾਂ ਨੂੰ ਉਸ ਸਮੇਂ ਮਾਰ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੂੰ ਜਾਂਚ ਲਈ ਅਪਰਾਧ ਦੀ ਜਾਂਚ ਲਈ ਮੌਕਾ-ਏ-ਵਾਰਦਾਤ 'ਤੇ ਲਿਜਾਇਆ ਗਿਆ। ਇਸ ਐਨਕਾਊਂਟਰ 'ਤੇ ਕਈ ਕਾਨੂੰਨੀ ਪ੍ਰਸ਼ਨ ਚਿੰਨ੍ਹ ਲੱਗੇ ਹਨ।
 


Tanu

Content Editor

Related News