ਜੈਲਲਿਤਾ ਮੌਤ ਮਾਮਲੇ ’ਚ ਅਪੋਲੋ ਨੂੰ ਕਲੀਨ ਚਿੱਟ, ਏਮਜ਼ ਦੇ ਪੈਨਲ ਨੇ ਕਿਹਾ- ਸਹੀ ਇਲਾਜ ਦਿੱਤਾ ਗਿਆ
Monday, Aug 22, 2022 - 01:55 PM (IST)
ਚੇਨਈ– ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਦੇ ਪੈਨਲ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਨੂੰ ਦਿੱਤਾ ਗਿਆ ਇਲਾਜ ਸਹੀ ਮੈਡੀਕਲ ਪ੍ਰੈਕਟਿਸ ਦੇ ਅਨੁਸਾਰ ਸੀ ਅਤੇ ਉਨ੍ਹਾਂ ਦੀ ਦੇਖਭਾਲ ’ਚ ਕੋਈ ਗਲਤੀ ਨਹੀਂ ਪਾਈ ਗਈ। ਇਸ ਰਿਪੋਰਟ ਨਾਲ ਅਪੋਲੋ ਹਸਪਤਾਲ ਨੂੰ ਕਲੀਨ ਚਿੱਟ ਮਿਲ ਗਈ ਹੈ, ਜਿੱਥੇ ਜੈਲਲਿਤਾ ਨੂੰ ਦਾਖਲ ਕਰਵਾਇਆ ਗਿਆ ਸੀ।
ਸੁਪਰੀਮ ਕੋਰਟ ਦੇ ਹੁਕਮਾਂ ਨਾਲ, ਅਰੁਮੁਘਸਵਾਮੀ ਕਮਿਸ਼ਨ ਦੀ ਮਦਦ ਲਈ ਏਮਜ਼ ਪੈਨਲ ਦਾ ਗਠਨ ਕੀਤਾ ਗਿਆ ਸੀ। ਪੈਨਲ ਨੇ ਪਾਇਆ ਕਿ ਸਾਰੀਆਂ ਅੰਤਿਮ ਜਾਂਚਾਂ ਅਤੇ ਜੈਲਲਿਤਾ ਦੀ ਸਿਹਤ ਦੀ ਟਾਈਮਲਾਈਨ ਨੂੰ ਪੂਰੀ ਤਰ੍ਹਾਂ ਦੇਖਿਆ ਗਿਆ ਸੀ। ਕਮੇਟੀ ਨੇ ਅਪੋਲੋ ਦੇ ਇਲਾਜ ਅਤੇ ਦੇਖਭਾਲ ਨਾਲ ਵੀ ਸਹਿਮਤੀ ਪ੍ਰਗਟਾਈ ਹੈ।
ਦਸੰਬਰ 2016 ’ਚ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ, ਉਨ੍ਹਾਂ ਦੀ ਮੌਤ ਦੇ ਕਾਰਨਾਂ ਅਤੇ ਉਨ੍ਹਾਂ ਦੇ ਹਸਪਤਾਲ ’ਚ ਦਾਖਲ ਹੋਣ ਦੌਰਾਨ ਕੀਤੀਆਂ ਗਈਆਂ ਡਾਕਟਰੀ ਪ੍ਰਕਿਰਿਆਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਰਾਜਨੀਤੀ ਸ਼ੁਰੂ ਹੋ ਗਈ ਸੀ। ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਨੇ ਉਨ੍ਹਾਂ ਦੀ ਮੌਤ ਦੀ ਜਾਂਚ ਦੀ ਅਪੀਲ ਕੀਤੀ ਸੀ, ਜਿਸ ਕਾਰਨ ਅਰੁਮੁਘਸਵਾਮੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ।