ਏਮਜ਼ ’ਚ ਭਲਕੇ ਤੋਂ 6 ਤੋਂ 12 ਸਾਲ ਦੇ ਬੱਚਿਆਂ ’ਚ ਕੋਵੈਕਸੀਨ ਦੇ ਪਰੀਖਣ ਲਈ ਨਾਮਜ਼ਦਗੀ ਸ਼ੁਰੂ

Monday, Jun 14, 2021 - 06:04 PM (IST)

ਏਮਜ਼ ’ਚ ਭਲਕੇ ਤੋਂ 6 ਤੋਂ 12 ਸਾਲ ਦੇ ਬੱਚਿਆਂ ’ਚ ਕੋਵੈਕਸੀਨ ਦੇ ਪਰੀਖਣ ਲਈ ਨਾਮਜ਼ਦਗੀ ਸ਼ੁਰੂ

ਨਵੀਂ ਦਿੱਲੀ (ਭਾਸ਼ਾ)— ਦੇਸ਼ ’ਚ ਬਣਾਈ ਗਈ ਪਹਿਲੀ ਕੋਵਿਡ ਰੋਕੂ ਵੈਕਸੀਨ ‘ਕੋਵੈਕਸੀਨ’ ਦੇ 6 ਤੋਂ 12 ਸਾਲ ਦੇ ਬੱਚਿਆਂ ਵਿਚ ਪਰੀਖਣ ਲਈ ਮੰਗਲਵਾਰ ਨੂੰ ਇੱਥੇ ਏਮਜ਼ ’ਚ ਨਾਮਜ਼ਦਗੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 2 ਤੋਂ 6 ਸਾਲ ਦੀ ਉਮਰ ਵਰਗ ਦੇ ਬੱਚਿਆਂ ’ਤੇ ਪਰੀਖਣ ਕੀਤਾ ਜਾਵੇਗਾ। ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ’ਚ 12 ਤੋਂ 18 ਉਮਰ ਵਰਗ ਦੇ ਸਵੈ-ਸੇਵਕਾਂ ਦੀ ਨਾਮਜ਼ਦਗੀ (ਦਾਖ਼ਲੇ) ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਹੈ।

ਏਮਜ਼ ਵਿਚ ਸੈਂਟਰ ਫ਼ਾਰ ਕਮਿਊਨਿਟੀ ਮੈਡੀਸੀਨ ਦੇ ਪ੍ਰੋਫੈਸਰ, ਡਾ. ਸੰਜੇ ਰਾਏ ਨੇ ਦੱਸਿਆ ਕਿ 6 ਤੋਂ 12 ਸਾਲ ਦੇ ਬੱਚਿਆਂ ’ਤੇ ਕੋਵੈਕਸੀਨ ਦੇ ਪਰੀਖਣ ਲਈ ਨਾਮਜ਼ਦਗੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਭਾਰਤ ਨੂੰ ਡਰੱਗ ਕੰਟਰੋਲਰ ਜਨਰਲ ਨੇ 12 ਮਈ ਨੂੰ 12 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਵਿਚ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਪਰੀਖਣ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਇਹ ਪਰੀਖਣ ਤਿੰਨ ਹਿੱਸਿਆਂ ਵਿਚ ਹੋਣਾ ਹੈ ਅਤੇ ਇਸ ਦੇ ਤਹਿਤ 12-18, 6-12 ਅਤੇ 2-6 ਸਾਲ ਉਮਰ ਵਰਗ ਦੇ 175-175 ਸਵੈ-ਸੇਵਕਾਂ ਦੇ ਤਿੰਨ ਸਮੂਹ ਬਣਨਗੇ। ਪਰੀਖਣ ਦੌਰਾਨ ਟੀਕੇ ਦੀਆਂ ਦੋ ਖ਼ੁਰਾਕਾਂ ਮਾਸਪੇਸ਼ੀਆਂ ਵਿਚ ਲਾਈਆਂ ਜਾਣਗੀਆਂ, ਜਿਨ੍ਹਾਂ ’ਚੋਂ ਦੂਜੀ ਖ਼ੁਰਾਕ ਪਹਿਲੀ ਖ਼ੁਰਾਕ ਲੱਗਣ ਦੇ 28ਵੇਂ ਦਿਨ ਦਿੱਤੀ ਜਾਵੇਗੀ। 

ਦੱਸ ਦੇਈਏ ਕਿ ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਭਾਰਤ ਬਾਇਓਟੈੱਕ ਵਲੋਂ ਦੇਸ਼ ਵਿਚ ਕੋਵੈਕਸੀਨ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਹ ਫ਼ਿਲਹਾਲ ਦੇਸ਼ ਭਰ ਵਿਚ ਚੱਲ ਰਹੇ ਟੀਕਾਕਰਨ ਮੁਹਿੰਮ ਦੌਰਾਨ ਬਾਲਗਾਂ ਨੂੰ ਦਿੱਤੀ ਜਾ ਰਹੀ ਹੈ। 


author

Tanu

Content Editor

Related News