ਦਿੱਲੀ ਬਾਰਡਰ 'ਤੇ ਡਟੇ ਕਿਸਾਨ, ਬੁਰਾੜੀ ਗਰਾਊਂਡ ਜਾਣ ਲਈ ਤਿਆਰ ਨਹੀਂ
Saturday, Nov 28, 2020 - 01:27 PM (IST)
ਨਵੀਂ ਦਿੱਲੀ- ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ 'ਚ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ ਕਿਸਾਨ ਹਾਲੇ ਵੀ ਸਿੰਧੂ ਬਾਰਡਰ (ਦਿੱਲੀ-ਹਰਿਆਣਾ) 'ਤੇ ਡਟੇ ਹੋਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਇੱਥੇ ਬਿਤਾਈ। ਭਾਰਤੀ ਕਿਸਾਨ ਯੂਨੀਅਨ, ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਸਿੰਧੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਖਤਮ ਹੋ ਗਈ ਹੈ। ਅਸੀਂ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਰੋਜ਼ ਸਵੇਰੇ 11 ਵਜੇ ਬੈਠਕ ਕਰਾਂਗੇ ਅਤੇ ਅੱਗੇ ਦੀ ਰਾਣਨੀਤੀ ਤੈਅ ਕਰਾਂਗੇ। ਉੱਥੇ ਹੀ ਦਿੱਲੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਵਾਗਤ ਮਹਿਮਾਨ ਦੇ ਤੌਰ 'ਤੇ ਕਰਦੇ ਹੋਏ ਉਨ੍ਹਾਂ ਦੇ ਖਾਣ-ਪੀਣ ਅਤੇ ਰਹਿਣ ਦਾ ਬੰਦੋਬਸਤ ਕੀਤਾ। ਕਿਸਾਨਾਂ ਦੇ ਕੁਝ ਪ੍ਰਤੀਨਿਧੀਆਂ ਨੇ ਬੁਰਾੜੀ 'ਚ ਪੁਲਸ ਅਧਿਕਾਰੀਆਂ ਨਾਲ ਨਿਰੰਕਾਰੀ ਸਮਾਗਮ ਗਰਾਊਂਡ ਦਾ ਮੁਆਇਨਾ ਕੀਤਾ।
ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ
ਦਿੱਲੀ ਪੁਲਸ ਨੇ ਦਿੱਤੀ ਹਿਦਾਇਤ
ਦਿੱਲੀ ਪੁਲਸ ਨੇ ਦੱਸਿਆ ਕਿ ਸਿੰਧੂ ਬਾਰਡਰ ਹਾਲੇ ਵੀ ਦੋਹਾਂ ਪਾਸਿਓਂ ਬੰਦ ਹੈ। ਕ੍ਰਿਪਾ ਵਿਕਲਪਿਕ ਮਾਰਗ ਚੁਣਨਾ। ਮੁਕਰਬਾ ਚੌਂਕ ਅਤੇ ਜੀ.ਟੀ.ਕੇ. ਰੋਡ ਤੋਂ ਟਰੈਫਿਕ ਡਾਇਵਰਟ ਕੀਤਾ ਗਿਆ ਹੈ। ਟਰੈਫਿਕ ਬਹੁਤ ਜ਼ਿਆਦਾ ਹੈ। ਕ੍ਰਿਪਾ ਸਿਗਨੇਚਰ ਬਰਿੱਜ ਤੋਂ ਰੋਹਿਣੀ ਅਤੇ ਇਸ ਦੇ ਉਲਟ, ਜੀ.ਟੀ.ਕੇ. ਰੋਡ, ਐੱਨ.ਐੱਚ.-44 ਅਤੇ ਸਿੰਧੂ ਬਾਰਡਰ ਤੱਕ ਬਾਹਰੀ ਰਿੰਗ ਰੋਡ ਤੋਂ ਜਾਣ ਤੋਂ ਬਚੋ। ਪੁਲਸ ਸੂਤਰਾਂ ਅਨੁਸਾਰ ਸਿੰਧੂ ਬਾਰਡਰ 'ਤੇ ਕਿਸਾਨ ਫਿਲਹਾਲ ਬੁਰਾੜੀ ਨਿਰੰਕਾਰੀ ਗਰਾਊਂਡ ਜਾਣ ਲਈ ਤਿਆਰ ਨਹੀਂ ਹੋ ਰਹੇ ਹਨ। ਉੱਥੇ ਹੀ ਸਿੰਧੂ ਬਾਰਡਰ 'ਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਉੱਤਰੀ ਰੇਂਜ ਦੇ ਜੁਆਇੰਟ ਕਮਿਸ਼ਨਰ ਐੱਸ.ਐੱਸ. ਯਾਦਵ ਅਨੁਸਾਰ, ਕਿਸਾਨਾਂ ਨਾਲ ਵੱਖ-ਵੱਖ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ। ਹਾਲੇ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਬੈਠੇ ਹਨ। ਉਮੀਦ ਹੈ ਕੋਈ ਨਾ ਕੋਈ ਹੱਲ ਨਿਕਲੇਗਾ।
ਇਹ ਵੀ ਪੜ੍ਹੋ : ਨਿਰੰਕਾਰੀ ਗ੍ਰਾਉਂਡ 'ਚ ਕਿਸਾਨਾਂ ਦਾ ਖ਼ਿਆਲ ਰੱਖੇਗੀ ਕੇਜਰੀਵਾਲ ਸਰਕਾਰ, ਖਾਣ-ਪੀਣ ਦਾ ਕੀਤਾ ਪ੍ਰਬੰਧ