ਲਾਲ ਕਿਲ੍ਹੇ 'ਤੇ ਟਰੈਕਟਰ ਮਾਰਚ ਅਤੇ ਤਿਰੰਗਾ ਲਹਿਰਾਉਣ ਦੀਆਂ ਖ਼ਬਰਾਂ ਝੂਠੀਆਂ : ਕਿਸਾਨ ਸੰਘਰਸ਼ ਕਮੇਟੀ
Sunday, Jan 17, 2021 - 01:25 PM (IST)
ਹਰਿਆਣਾ- ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਰੀਬ 2 ਮਹੀਨੇ ਹੋਣ ਵਾਲੇ ਹਨ। ਇਸ ਵਿਚ ਖ਼ਬਰ ਆਈ ਹੈ ਕਿ ਕਿਸਾਨ ਗਣਤੰਤਰ ਦਿਵਸ 'ਤੇ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਨਾਲ ਹੀ ਉਹ ਰਾਜਪਥ 'ਤੇ ਟਰੈਕਟਰ ਮਾਰਚ ਕੱਢਣਗੇ ਪਰ ਕਿਸਾਨ ਜਥੇਬੰਦੀਆਂ ਨੇ ਇਸ ਖ਼ਬਰ ਨੂੰ ਅਫ਼ਵਾਹ ਦੱਸਿਆ ਹੈ। ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਸੰਘਰਸ਼ ਕਮੇਟੀ, ਹਰਿਆਣਾ ਦੇ ਕਨਵੀਨਰ ਮੰਦੀਪ ਨਾਥਵਾਨ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ 'ਤੇ ਕੁਝ ਲੋਕ ਇਸ ਅੰਦੋਲਨ ਨੂੰ ਹਿੰਸਕ ਰੂਪ ਦੇਣਾ ਚਾਹੁੰਦੇ ਹਨ। ਇਹ ਅੰਦੋਲਨ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੈ, ਨਾ ਕਿ ਦਿੱਲੀ ਵਿਰੁੱਧ। ਸੰਯੁਕਤ ਕਿਸਾਨ ਮੋਰਚਾ ਵਲੋਂ ਸਾਨੂੰ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਚਾਹੀਦਾ ਅਤੇ ਇਸ ਨੂੰ ਸ਼ਾਂਤੀਪੂਰਵਰਕ ਜਾਰੀ ਰੱਖਣਾ ਚਾਹੀਦਾ। ਉਨ੍ਹਾਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣਗੇ। ਨਾਲ ਹੀ ਟਰੈਕਟਰ 'ਤੇ ਤਿਰੰਗਾ ਲਗਾ ਕੇ ਮਾਰਚ ਕੱਢਣਗੇ ਪਰ ਇਹ ਸਿਰਫ਼ ਅਫ਼ਵਾਹ ਹੈ। ਕਿਸਾਨ ਸੰਘਰਸ਼ ਕਮੇਟੀ ਨੇ ਇਸ ਤਰ੍ਹਾਂ ਦੇ ਕਿਸੇ ਵੀ ਪ੍ਰੋਗਰਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : 'ਤਾਰੀਖ਼ 'ਤੇ ਤਾਰੀਖ਼' ਦੇ ਕੇ ਮਾਮਲੇ ਨੂੰ ਖਿੱਚਣਾ ਸਰਕਾਰ ਦੀ ਯੋਜਨਾ- ਕਿਸਾਨ ਆਗੂ
ਮੰਦੀਪ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਤਿਰੰਗਾ ਝੰਡਾ ਲਹਿਰਾਉਣ ਜਾਂ ਟੈਂਕਾਂ ਨਾਲ ਟਰੈਕਟਰ ਮਾਰਚ ਦੀਆਂ ਖ਼ਬਰਾਂ, ਇਸ ਅੰਦੋਲਨ ਨੂੰ ਕਮਜ਼ੋਰ ਕਰਦੀਆਂ ਹਨ। ਅਜਿਹਾ ਕੋਈ ਵੀ ਬਿਆਨ ਕਿਸਾਨਾਂ ਦੇ ਹਿੱਤ 'ਚ ਨਹੀਂ ਹੈ। ਮੰਦੀਪ ਨਾਥਵਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਇਸ ਤਰ੍ਹਾਂ ਦੇ ਕਿਸੇ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਅਜਿਹੀਆਂ ਖ਼ਬਰਾਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਫ਼ੈਲਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ ਤੋਂ ਕਿਸਾਨ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਆਪਣੀਆਂ ਮੰਗਾਂ ਦੇ ਸਮਰਥਨ 'ਚ ਇਹ ਕਿਸਾਨ 53ਵਾਂ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਨਾਲ ਕਈ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਹਾਲੇ ਤੱਕ ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਹੈ।
ਨੋਟ : ਕਦੋਂ ਖ਼ਤਮ ਹੋਵੇਗਾ ਕਿਸਾਨ ਅੰਦੋਲਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ