ਸਰਕਾਰ ਚਾਹੁੰਦੀ ਹੈ ਗੱਲਬਾਤ ਨਾਲ ਨਿਕਲੇ ਹੱਲ, ਖ਼ਤਮ ਹੋਵੇ ਕਿਸਾਨਾਂ ਦਾ ਅੰਦੋਲਨ : ਨਰੇਂਦਰ ਤੋਮਰ

01/15/2021 10:04:04 PM

ਨਵੀਂ ਦਿੱਲੀ– ਖੇਤੀ ਕਾਨੂੰਨਾਂ ’ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਬੈਠਕ ਤੋਂ ਬਾਅਦ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਠੰਡ ਦੀ ਸਥਿਤੀ ’ਚ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੈ ਕੇ ਸਰਕਾਰ ਚਿੰਤਤ ਹੈ। ਤੋਮਰ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਗੱਲਬਾਤ ਨਾਲ ਹੱਲ ਨਿਕਲੇ ਅਤੇ ਕਿਸਾਨਾਂ ਦਾ ਅੰਦੋਲਨ ਖ਼ਤਮ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਚੰਗੇ ਮਾਹੌਲ ’ਚ ਹੋਈ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ 19 ਜਨਵਰੀ ਨੂੰ ਹੋਣ ਵਾਲੀ 10ਵੇਂ ਗੇੜ ਦੀ ਗੱਲਬਾਤ ਕੁਝ ਨਿਰਣਾਇਕ ਪੱਧਰ ’ਤੇ ਪਹੁੰਚਣ ਦੀ ਉਮੀਦ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ ਅਤੇ ਉਨ੍ਹਾਂ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਸਰਕਾਰ ਕੋਰਟ ਵਲੋਂ ਸੱਦੇ ਜਾਣ ’ਤੇ ਕੋਰਟ ਵਲੋਂ ਨਿਯੁਕਤ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੀਂ ਹਨ ਅਤੇ ਸਾਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਹੈ। ਸੁਪਰੀਮ ਕੋਰਟ ਵਲੋਂ ਨਿਯੁਕਤ ਕਮੇਟੀ ਵੀ ਕਿਸਾਨਾਂ ਦੇ ਕਲਿਆਣ ਲਈ ਕੰਮ ਕਰੇਗੀ।

ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨ ਵਿਚਾਲੇ ਇਹ ਬੈਠਕ ਵੀ ਰਹੀ ਬੇਸਿੱਟਾ, 19 ਜਨਵਰੀ ਨੂੰ ਮੁੜ ਹੋਵੇਗੀ ਮੀਟਿੰਗ

ਰਾਹੁਲ ਗਾਂਧੀ ’ਤੇ ਕੀਤਾ ਪਲਟਵਾਰ
ਤੋਮਰ ਨੇ ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਿਛਲੇ ਬਿਆਨਾਂ ’ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਅਤੇ ਕੰਮਾਂ ’ਤੇ ਕਾਂਗਰਸ ਪਾਰਟੀ ਸਿਰਫ਼ ਹੱਸਦੀ ਹੈ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੈ। ਤੋਮਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 2019 ਦੇ ਮੈਨੀਫੈਸਟੋ ’ਚ ਕਾਂਗਰਸ ਨੇ ਖੇਤੀ ਸੁਧਾਰਾਂ ਦਾ ਵਾਅਦਾ ਲਿਖਤੀ ’ਚ ਕੀਤਾ ਸੀ। ਜੇਕਰ ਉਨ੍ਹਾਂ ਨੂੰ ਯਾਦ ਨਹੀਂ ਹੈ ਤਾਂ ਉਸ ਨੂੰ ਮੁੜ ਮੈਨੀਫੈਸਟੋ ਪੜ੍ਹਨਾ ਚਾਹੀਦਾ ਹੈ। ਤੋਮਰ ਨੇ ਕਿਹਾ ਕਿ ਜੇਕਰ ਮੈਨੀਫੈਸਟੋ ’ਚ ਇਸ ਦਾ ਜ਼ਿਕਰ ਹੈ ਤਾਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਮੀਡੀਆ ਦੇ ਸਾਹਮਣੇ ਆਉਣਾ ਚਾਹੀਦਾ ਅਤੇ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਹ ਉਸ ਸਮੇਂ ਝੂਠ ਬੋਲ ਰਹੇ ਸਨ ਜਾਂ ਹੁਣ ਝੂਠ ਬੋਲ ਰਹੇ ਹਨ। 

ਨੋਟ : ਸਰਕਾਰ ਅਤੇ ਕਿਸਾਨਾਂ ਦੀ ਇਹ ਬੈਠਕ ਵੀ ਰਹੀ ਬੇਸਿੱਟਾ ਰਹਿਣ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News