ਆਗਰਾ: ਕੈਮੀਕਲ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, ਫੌਜ ਤੋਂ ਮੰਗੀ ਗਈ ਮਦਦ

09/07/2020 7:55:51 PM

ਆਗਰਾ - ਆਗਰਾ ਦੇ ਸਿਕੰਦਰਾ ਖੇਤਰ 'ਚ ਸਥਿਤ ਦੋ ਕੈਮੀਕਲ ਫੈਕਟਰੀਆਂ 'ਚ ਸੋਮਵਾਰ ਦੁਪਹਿਰ 2 ਵਜੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨੇੜੇ ਦੇ ਮਕਾਨਾਂ ਤੋਂ ਲੋਕ ਬਾਹਰ ਆ ਗਏ। ਮੌਕੇ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚ ਗਈਆਂ। ਦੇਰ ਸ਼ਾਮ ਤੱਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੇ ਜਾ ਰਹੇ ਹਨ।

ਦਿੱਲੀ ਰਾਸ਼ਟਰੀ ਰਾਜ ਮਾਰਗ ਕੰਡੇ ਸਬਜੀ ਮੰਡੀ ਦੇ ਨੇੜੇ ਟੋਪਲਾਸਟ ਅਤੇ ਆਗਰਾ ਕੈਮੀਕਲ ਨਾਮ ਤੋਂ ਦੋ ਫੈਕਟਰੀਆਂ ਹਨ। ਇਨ੍ਹਾਂ ਦੋਵਾਂ ਫੈਕਟਰੀਆਂ 'ਚ ਅੱਗ ਲੱਗ ਗਈ। ਫੈਕਟਰੀਆਂ ਤੋਂ ਕਾਲਾ ਧੂੰਆ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤਾ।

ਫੈਕਟਰੀ 'ਚ ਬਣਨ ਵਾਲੇ ਕੈਮੀਕਲ ਦਾ ਇਸਤੇਮਾਲ ਜੁੱਤੀ ਦੀ ਸੋਲ 'ਚ ਹੁੰਦਾ ਹੈ। ਦੇਖਦੇ ਹੀ ਦੇਖਦੇ ਅੱਗ ਨੇ ਕੁੱਝ ਹੀ ਦੇਰ 'ਚ ਭਿਆਨਕ ਰੂਪ ਲੈ ਲਿਆ। ਦੇਰ ਸ਼ਾਮ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਫੈਲਣ ਕਾਰਨ ਲੋਕਾਂ ਨੂੰ ਘਰੋਂ ਬਾਹਰ ਕੱਢਿਆ ਗਿਆ। 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਹਨ।

ਐਸ.ਪੀ. ਸਿਟੀ ਬੋਤਰੇ ਰੋਹਨ ਪ੍ਰਮੋਦ ਨੇ ਦੱਸਿਆ ਕਿ ਸਥਿਤੀ ਨੂੰ ਦੇਖਦੇ ਹੋਏ ਨੇੜਲੇ ਘਰਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ। ਹਵਾਈ ਫੌਜ ਅਤੇ ਰਿਫਾਇਨਰੀ ਤੋਂ ਮਦਦ ਮੰਗੀ ਗਈ ਹੈ। ਫਾਇਰ ਟੈਂਡਰ (ਫੋਮ ਵਾਲੇ) ਮੰਗਾਏ ਗਏ ਹਨ।


Inder Prajapati

Content Editor

Related News