ਆਗਰਾ : ਹਸਪਤਾਲ ''ਚ ਲੱਗੀ ਅੱਗ, ਡਾਕਟਰ ਅਤੇ ਉਸ ਦੇ ਧੀ-ਪੁੱਤਰ ਦੀ ਮੌਤ
Wednesday, Oct 05, 2022 - 01:18 PM (IST)
ਆਗਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਆਗਰਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਸਥਿਤ ਇਕ ਹਸਪਤਾਲ 'ਚ ਬੁੱਧਵਾਰ ਤੜਕੇ ਅੱਗ ਲੱਗ ਗਈ, ਜਿਸ 'ਚ ਹਸਪਤਾਲ ਦੇ ਸੰਚਾਲਕ ਡਾਕਟਰ ਰਾਜਨ, ਉਨ੍ਹਾਂ ਦੀ ਧੀ ਅਤੇ 14 ਸਾਲਾ ਪੁੱਤਰ ਰਿਸ਼ੀ ਦੀ ਮੌਤ ਹੋ ਗਈ। ਪੁਲਸ ਅਨੁਸਾਰ ਹਾਦਸੇ 'ਚ ਜ਼ਖ਼ਮੀ ਹੋਏ ਉਨ੍ਹਾਂ ਦੀ ਪਤਨੀ ਅਤੇ ਦੂਜੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ 'ਚ ਇਲਾਜ ਅਧੀਨ ਮਰੀਜ਼ਾਂ ਨੂੰ ਗੰਭੀਰ ਹਾਲਤ 'ਚ ਬਾਹਰ ਕੱਢ ਕੇ ਦੂਜੇ ਹਸਪਤਾਲ 'ਚ ਭੇਜ ਦਿੱਤਾ ਗਿਆ। ਇਸ ਘਟਨਾ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਤੁਰੰਤ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਗੰਜ ਇਲਾਕੇ ਦੇ ਜਗਨੇਰ ਰੋਡ 'ਤੇ ਸਥਿਤ ਆਰ ਮਧੂਰਾਜ ਹਸਪਤਾਲ 'ਚ ਅਚਾਨਕ ਅੱਗ ਲੱਗ ਗਈ। ਹਸਪਤਾਲ 'ਚ ਦਾਖ਼ਲ ਤਿੰਨ ਮਰੀਜ਼, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਟਾਫ਼ ਅੰਦਰ ਹੀ ਫਸ ਗਏ। ਪੂਰਾ ਹਸਪਤਾਲ ਧੂੰਏਂ ਨਾਲ ਭਰ ਗਿਆ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਕਰੀਬ ਇਕ ਘੰਟੇ ਬਾਅਦ ਫਾਇਰ ਫਾਈਟਰਜ਼ ਨੇ ਤਿੰਨ ਮਰੀਜ਼ਾਂ ਸਮੇਤ ਚਾਰ ਲੋਕਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਹਸਪਤਾਲ ਦੇ ਸੰਚਾਲਕ ਡਾ. ਰਾਜਨ ਅਤੇ ਭਵਨ ਸਵਾਮੀ ਗੋਪੀਚੰਦ ਹਨ। ਇਸ 'ਚ ਗਰਾਊਂਡ ਫਲੋਰ 'ਤੇ ਜਨਰਲ ਵਾਰਡ, ਗਰਾਊਂਡ ਫਲੋਰ 'ਤੇ ਜਨਰਲ ਅਤੇ ਪ੍ਰਾਈਵੇਟ ਵਾਰਡ ਹਨ। ਜਦਕਿ ਗੋਪੀਚੰਦ ਅਤੇ ਡਾ. ਰਾਜਨ ਦਾ ਪਰਿਵਾਰ ਦੂਜੀ ਮੰਜ਼ਿਲ 'ਤੇ ਰਹਿੰਦਾ ਹੈ। ਸਵੇਰੇ ਕਰੀਬ 5 ਵਜੇ ਦੂਜੀ ਮੰਜ਼ਿਲ 'ਤੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਪੂਰਾ ਹਸਪਤਾਲ ਧੂੰਏਂ ਨਾਲ ਭਰ ਗਿਆ। ਅੱਗ ਲੱਗਣ ਸਮੇਂ ਹਸਪਤਾਲ 'ਚ 7 ਮਰੀਜ਼ ਦਾਖ਼ਲ ਸਨ ਅਤੇ 5 ਕਰਮਚਾਰੀ ਮੌਜੂਦ ਸਨ। ਅੱਗ ਲੱਗਦੇ ਹੀ ਨੇੜੇ-ਤੇੜੇ ਦੇ ਲੋਕਾਂ ਨੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੰਦਰ ਧੂੰਏਂ ਕਾਰਨ ਲੋਕ ਮਰੀਜ਼ਾਂ ਨੂੰ ਬਾਹਰ ਨਹੀਂ ਕੱਢ ਸਕੇ। ਇਸ ਦੌਰਾਨ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਕਰੀਬ 40 ਮਿੰਟਾਂ ਬਾਅਦ ਫਾਇਰ ਫਾਈਟਰ ਉੱਥੇ ਪਹੁੰਚ ਗਏ। ਇਸ ਤੋਂ ਬਾਅਦ ਮਰੀਜ਼ਾਂ ਨੂੰ ਬਾਹਰ ਕੱਢਿਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਆਰ ਮਧੂਰਾਜ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਇਕ ਕਮਰੇ 'ਚ ਰੱਖੇ ਫੋਮ ਦੇ ਗੱਦਿਆਂ 'ਚ ਅੱਗ ਲੱਗ ਗਈ। ਇਸ ਮੰਜ਼ਿਲ 'ਤੇ ਡਾਕਟਰ ਰਾਜਨ, ਉਸ ਦੇ ਪਿਤਾ ਗੋਪੀਚੰਦ, ਪਤਨੀ ਮਧੁਰਾਜ, ਬੇਟੀ ਸ਼ਾਲੂ, ਪੁੱਤਰ ਲਵੀ ਅਤੇ ਰਿਸ਼ੀ ਦੇ ਨਾਲ-ਨਾਲ ਰਿਸ਼ਤੇਦਾਰ ਤੇਜਵੀਰ ਸੀ। ਜਦੋਂ ਗੋਪੀਚੰਦ ਅਤੇ ਲਵੀ ਸਵੇਰੇ 5 ਵਜੇ ਉੱਠੇ ਤਾਂ ਉਨ੍ਹਾਂ ਨੇ ਗੱਦਿਆਂ ਵਾਲੇ ਕਮਰੇ 'ਚ ਅੱਗ ਲੱਗੀ ਦੇਖੀ। ਉਨ੍ਹਾਂ ਨੇ ਗੱਦੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਦੋਂ ਤੱਕ ਅੱਗ ਦਾ ਧੂੰਆਂ ਅੰਦਰ ਤੱਕ ਪਹੁੰਚ ਚੁੱਕਾ ਸੀ।
ਇਹ ਵੀ ਪੜ੍ਹੋ : ਉੱਤਰਾਖੰਡ 'ਚ ਬਾਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਲੋਕਾਂ ਦੀ ਮੌਤ
ਇਸ ਦੌਰਾਨ ਡਾਕਟਰ ਰਾਜਨ ਨੇ ਸੁਰੱਖਿਆ ਲਈ ਅੰਦਰਲਾ ਦਰਵਾਜ਼ਾ ਬੰਦ ਕਰ ਦਿੱਤਾ। ਇਸ ਕਾਰਨ ਉਹ ਪਰਿਵਾਰ ਸਮੇਤ ਅੰਦਰ ਹੀ ਫਸ ਗਿਆ। ਹੇਠਾਂ ਹਸਪਤਾਲ ਤੱਕ ਵੀ ਧੂੰਆਂ ਪਹੁੰਚ ਗਿਆ। ਫਾਇਰ ਬ੍ਰਿਗੇਡ ਨੂੰ ਦੇਰ ਨਾਲ ਬੁਲਾਇਆ ਗਿਆ। ਇਸ ਲਈ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਦੂਜੀ ਮੰਜ਼ਿਲ 'ਤੇ ਫਸੇ ਡਾਕਟਰ ਦੇ ਪਰਿਵਾਰ ਵਾਲਿਆਂ ਨੂੰ ਬਾਹਰ ਕੱਢਿਆ ਗਿਆ। ਡਾਕਟਰ ਰਾਜਨ, ਬੇਟੀ ਸ਼ਾਲੂ, ਪੁੱਤਰ ਰਿਸ਼ੀ ਅਤੇ ਤੇਜਵੀਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਡਾਕਟਰ ਰਾਜਨ ਅਤੇ ਬੇਟੀ ਸ਼ਾਲੂ ਦੀ ਹਾਲਤ ਨਾਜ਼ੁਕ ਸੀ। ਜਿੱਥੇ ਇਲਾਜ ਦੌਰਾਨ ਦੋਹਾਂ ਦੀ ਮੌਤ ਹੋ ਗਈ। ਸਵੇਰੇ 8.30 ਵਜੇ 14 ਸਾਲਾ ਬੇਟੇ ਰਿਸ਼ੀ ਦੀ ਵੀ ਮੌਤ ਹੋ ਗਈ। ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ