ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਦੀ ਐਂਟਰੀ ਕਰਾਉਣ ਲਈ ਦਲਾਲ ਵਸੂਲਦੇ ਹਨ ਪ੍ਰਤੀ ਵਿਅਕਤੀ 10 ਤੋਂ 20 ਹਜ਼ਾਰ ਰੁਪਏ
Saturday, Jul 20, 2024 - 11:15 AM (IST)
ਸ਼ਿਲਾਂਗ- ਸਮਾਜਿਕ ਸੰਗਠਨ ਹਿਨੀਵਟ੍ਰੇਪ ਅਚਿਕ ਨੈਸ਼ਨਲ ਮੂਵਮੈਂਟ (HANM) ਨੇ ਮੇਘਾਲਿਆ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਆਈ. ਨੋਂਗਰਾਂਗ ਨਾਲ ਮੁਲਾਕਾਤ ਕਰ ਕੇ ਦਾਅਵਾ ਕੀਤਾ ਕਿ ਸੂਬੇ ’ਚ ਦਲਾਲ ਸਰਹੱਦ ਦੇ ਨੁਕਸਾਨੇ ਜਾਂ ਬਿਨਾਂ ਵਾੜ ਵਾਲੇ ਹਿੱਸਿਆਂ ਤੋਂ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਐਂਟਰੀ ਕਰਾਉਣ ਲਈ ਪ੍ਰਤੀ ਵਿਅਕਤੀ 10 ਤੋਂ 20 ਹਜ਼ਾਰ ਰੁਪਏ ਵਸੂਲ ਰਹੇ ਹਨ।
HANM ਦੇ ਪ੍ਰਧਾਨ ਲਾਮਫ੍ਰਾਂਗ ਖਰਬਾਨੀ ਨੇ ਦੱਸਿਆ ਕਿ ਸੰਗਠਨ ਦੀ ਇਕ ਟੀਮ ਨੇ ਵੀਰਵਾਰ ਨੂੰ ਡੀ. ਜੀ. ਪੀ. ਨਾਲ ਮੁਲਾਕਾਤ ਕੀਤੀ ਅਤੇ ਸਰਹੱਦ ਦੇ ਕੁਝ ਹਿੱਸਿਆਂ ਰਾਹੀਂ ਸੂਬੇ ਵਿਚ ਬੰਗਲਾਦੇਸ਼ੀ ਨਾਗਰਿਕਾਂ ਦੀ ਗੈਰ-ਕਾਨੂੰਨੀ ਐਂਟਰੀ ਨੂੰ ਰੋਕਣ ਲਈ ਉਨ੍ਹਾਂ ਦੀ ਦਖਲਅੰਦਾਜ਼ੀ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਬੰਗਲਾਦੇਸ਼ੀ ਨਾਗਰਿਕਾਂ ਦੀ ਐਂਟਰੀ ਦੀ ਸਹੂਲਤ ਲਈ ਪ੍ਰਤੀ ਵਿਅਕਤੀ 10 ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਵਸੂਲ ਰਹੇ ਹਨ। ਮੇਘਾਲਿਆ ਦੀ ਅੰਤਰਰਾਸ਼ਟਰੀ ਸਰਹੱਦ ਦਾ ਲੱਗਭਗ 20 ਫੀਸਦੀ ਹਿੱਸਾ ਬਿਨਾਂ ਵਾੜ ਤੋਂ ਹੈ। ਇਸ ਦਾ ਕਾਰਨ ਖੜ੍ਹੀ ਚੜ੍ਹਾਈ, ਦਰਿਆਵਾਂ ਦੇ ਵਹਾਅ ਅਤੇ ਜੰਗਲੀ ਜਾਨਵਰਾਂ ਦੀ ਆਵਾਜਾਈ ਲਈ ਛੱਡੇ ਗਏ ਗਲਿਆਰੇ ਹਨ।
ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੰਗਲਾਦੇਸ਼ੀ ਨਾਗਰਿਕਾਂ ਦੇ ਗੈਰ-ਕਾਨੂੰਨੀ ਐਂਟਰੀ ਨੂੰ ਲੈ ਕੇ ਗੰਭੀਰ ਚਿਤਾਵਾਂ ਹਨ ਅਤੇ ਸਰਕਾਰ ਇਹ ਯਕੀਨੀ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਹੋਣ। ਉਨ੍ਹਾਂ ਨੇ ਕਿਹਾ ਕਿ ਤਾਲਮੇਲ ਅਤੇ ਕਾਰਵਾਈ ਲਈ ਇਸ ਮਾਮਲੇ ਨੂੰ BSF ਦੇ ਸਾਹਮਣੇ ਚੁੱਕਿਆ ਗਿਆ ਹੈ। ਬੰਗਲਾਦੇਸ਼ ਵਿਚ ਹਿੰਸਾ ਭੜਕਨ ਨਾਲ ਹੀ ਮੇਘਾਲਿਆ ਵਿਚ ਆਈ. ਐੱਲ. ਪੀ. ਸਮਰਥਕ ਵਰਕਰਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਘੁਸਪੈਠ ਰੋਕਣ ਲਈ ਪੂਰੇ ਸੂਬੇ ਵਿਚ ਆਪਣੇ ਮੈਂਬਰਾਂ ਨੂੰ ਚੌਕਸ ਕਰ ਦਿੱਤਾ ਹੈ।