ਪਤਨੀ ਦਾ ਕਤਲ ਕਰ ਕੇ ਲਾਸ਼ ਦੇ ਕੀਤੇ 5 ਟੁਕੜੇ, ਫਿਰ ਟੈਂਕੀ ’ਚ ਲੁਕਾਏ

Tuesday, Mar 07, 2023 - 12:18 PM (IST)

ਪਤਨੀ ਦਾ ਕਤਲ ਕਰ ਕੇ ਲਾਸ਼ ਦੇ ਕੀਤੇ 5 ਟੁਕੜੇ, ਫਿਰ ਟੈਂਕੀ ’ਚ ਲੁਕਾਏ

ਬਿਲਾਸਪੁਰ (ਭਾਸ਼ਾ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਪੁਲਸ ਨੇ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 5 ਟੁਕੜੇ ਕਰ ਕੇ ਪਾਣੀ ਦੀ ਟੈਂਕੀ ’ਚ ਲੁਕਾਉਣ ਅਤੇ ਨਕਲੀ ਨੋਟ ਛਾਪਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਪਾਣੀ ਦੀ ਟੈਂਕੀ ’ਚੋਂ ਪੌਲੀਥੀਨ ’ਚ ਲਪੇਟੇ ਸਤੀ ਸਾਹੂ (28) ਦੀ ਲਾਸ਼ ਦੇ ਟੁਕੜੇ ਬਰਾਮਦ ਕੀਤੇ ਹਨ। ਪੁਲਸ ਨੂੰ ਉਸਲਾਪੁਰ ਇਲਾਕੇ ’ਚ ਪਵਨ ਸਿੰਘ ਠਾਕੁਰ (31) ਦੇ ਘਰ ’ਚ ਨਕਲੀ ਨੋਟ ਛਾਪਣ ਦੀ ਸੂਚਨਾ ਮਿਲੀ ਸੀ। ਪੁਲਸ ਨੂੰ ਤਲਾਸ਼ੀ ਦੌਰਾਨ ਪਾਣੀ ਦੀ ਖਾਲੀ ਟੈਂਕੀ ’ਚੋਂ ਟੁਕੜਿਆਂ ’ਚ ਕੱਟੀ ਇਕ ਔਰਤ ਦੀ ਲਾਸ਼ ਮਿਲੀ। ਪੁੱਛ-ਗਿੱਛ ਦੌਰਾਨ ਪਵਨ ਨੇ ਦੱਸਿਆ ਕਿ ਇਹ ਲਾਸ਼ ਉਸ ਦੀ ਪਤਨੀ ਸਤੀ ਦੀ ਹੈ।

6 ਜਨਵਰੀ ਨੂੰ ਉਸ ਨੇ ਆਪਣੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਲੁਕਾਉਣ ਲਈ ਬਜ਼ਾਰ ਤੋਂ ਟੈਂਕੀ ਅਤੇ ਕਟਰ ਮਸ਼ੀਨ ਖਰੀਦੀ ਅਤੇ ਉਸ ਦੇ ਹੱਥ-ਪੈਰ ਵੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਬਾਅਦ ’ਚ ਸੜਨ ਦੀ ਬਦਬੂ ਤੋਂ ਡਰਦਿਆਂ ਉਸ ਨੇ ਬਾਹਾਂ, ਲੱਤਾਂ ਅਤੇ ਧੜ ਨੂੰ 5 ਹਿੱਸਿਆਂ ’ਚ ਕੱਟ ਦਿੱਤਾ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ ਅਤੇ ਉਹ ਉਸ ਦੇ ਨਕਲੀ ਨੋਟ ਛਾਪਣ ਦੇ ਖ਼ਿਲਾਫ਼ ਵੀ ਸੀ।


author

DIsha

Content Editor

Related News