ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’
Sunday, Aug 22, 2021 - 01:03 PM (IST)
ਨਵੀਂ ਦਿੱਲੀ— ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਅੱਜ ਯਾਨੀ ਕਿ ਐਤਵਾਰ ਸਵੇਰੇ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ’ਤੇ ਉਤਰਿਆ। ਜਹਾਜ਼ ’ਚ 168 ਲੋਕ ਸਵਾਰ ਸਨ, ਜਿਸ ਵਿਚ 107 ਭਾਰਤੀ ਨਾਗਰਿਕ ਹਨ। ਯਾਤਰੀਆਂ ਦਾ ਹਵਾਈ ਅੱਡੇ ’ਤੇ ਹੀ ਕੋਵਿਡ-19 ਟੈਸਟ ਕੀਤਾ ਗਿਆ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਸੰਕਟ: 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪੁੱਜਾ IAF ਦਾ ਸੀ-17 ਜਹਾਜ਼
#WATCH | Afghanistan's MP Narender Singh Khalsa breaks down as he reaches India from Kabul.
— ANI (@ANI) August 22, 2021
"I feel like crying...Everything that was built in the last 20 years is now finished. It's zero now," he says. pic.twitter.com/R4Cti5MCMv
ਆਪਣਾ ਘਰ ਛੱਡਣਾ ਕਿਸੇ ਲਈ ਕਿੰਨਾ ਮੁਸ਼ਕਲ ਹੁੰਦਾ ਹੈ, ਇਸ ਦਾ ਅੰਦਾਜ਼ਾ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖ਼ਾਲਸਾ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ। ਨਰਿੰਦਰ ਸਿੰਘ ਖ਼ਾਲਸਾ ਉਨ੍ਹਾਂ 168 ਲੋਕਾਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਅਫ਼ਗਾਨਿਸਤਾਨ ਤੋਂ ਜਹਾਜ਼ ਜ਼ਰੀਏ ਸੁਰੱਖਿਅਤ ਦਿੱਲੀ ਲਿਆਂਦਾ ਗਿਆ ਹੈ। ਦਿੱਲੀ ਪਹੁੰਚਣ ’ਤੇ ਨਰਿੰਦਰ ਸਿੰਘ ਖ਼ਾਲਸਾ ਤੋਂ ਜਦੋਂ ਪੱਤਰਕਾਰਾਂ ਨੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਸਵਾਲ ਪੁੱਛੇ ਤਾਂ ਉਹ ਜਵਾਬ ਦੇਣ ਤੋਂ ਪਹਿਲਾਂ ਹੀ ਰੋ ਪਏ। ਉਨ੍ਹਾਂ ਨੇ ਕਿਹਾ ਕਿ ਉਹ ਲੋਕ ਅਫ਼ਗਾਨਿਸਤਾਨ ਵਿਚ ਪੀੜ੍ਹੀਆਂ ਤੋਂ ਰਹਿ ਰਹੇ ਸਨ ਪਰ ਅਜਿਹੇ ਹਾਲਾਤ ਕਦੇ ਵੇਖਣ ਨੂੰ ਨਹੀਂ ਮਿਲੇ ਸਨ, ਜਿਵੇਂ ਹਾਲਾਤ ਇਸ ਵਾਰ ਵੇਖਣ ਨੂੰ ਮਿਲ ਰਹੇ ਹਨ। ਨਰਿੰਦਰ ਨੇ ਰੋਂਦੇ ਹੋਏ ਕਿਹਾ ਕਿ ਪਿਛਲੇ 20 ਸਾਲਾਂ ’ਚ ਜੋ ਕੁਝ ਵੀ ਬਣਾਇਆ ਸੀ ਉਹ ਸਭ ਹੁਣ ਖ਼ਤਮ ਹੋ ਗਿਆ ਹੈ। ਹੁਣ ਇਹ ਜ਼ੀਰੋ ਹੈ।
ਇਹ ਵੀ ਪੜ੍ਹੋ: ਇਮਰਾਨ ਦੇ ਤਾਲਿਬਾਨ ਨੂੰ ਸਮਰਥਨ ਵਾਲੇ ਬਿਆਨ ’ਤੇ ਬਿ੍ਰਟਿਸ਼ MP ਨੇ ਕਿਹਾ- ‘ਪਾਕਿ ਨੂੰ ਮਦਦ ਦੇਣ ਸਮੇਂ ਸੋਚਿਆ ਜਾਵੇ’
ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢਣ ਲਈ ਨਰਿੰਦਰ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਹਵਾਈ ਫ਼ੌਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬਹੁਤ ਬੁਰੇ ਮਾਹੌਲ ਵਿਚੋਂ ਬਾਹਰ ਕੱਢਿਆ ਹੈ। ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਲੋਕ ਅਜੇ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਭਾਰਤ ਸਰਕਾਰ ਉਪਰਾਲਾ ਕਰੇ।
ਸਾਰੇ ਭਾਰਤੀ ਅਤੇ ਅਫਗਾਨ ਸਿੱਖਾਂ ਨੇ ਗੁਰਦੁਆਰਿਆਂ ’ਚ ਸ਼ਰਨ ਲਈ
ਖਾਲਸਾ ਨੇ ਕਿਹਾ ਕਿ ਲਗਭਗ ਸਾਰੇ ਭਾਰਤੀ ਅਤੇ ਅਫਗਾਨ ਸਿੱਖ ਕਾਬੁਲ ਅਤੇ ਹੋਰ ਥਾਵਾਂ ’ਤੇ ਗੁਰਦੁਆਰਿਆਂ ਵਿਚ ਸ਼ਰਨ ਲੈ ਰਹੇ ਹਨ। ਲਗਭਗ 200 ਹੋਰ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਬਚਾਏ ਜਾਣ ਦੀ ਉਡੀਕ ਕਰ ਰਹੇ ਹਨ। ਤਾਲਿਬਾਨ ਵਲੋਂ ਕਾਬੁਲ ਹਵਾਈ ਅੱਡੇ ’ਤੇ ਜਾਂਦੇ ਸਮੇਂ ਸ਼ਨੀਵਾਰ ਨੂੰ ਭਾਰਤੀਆਂ ਅਤੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੁਝ ਦੇਰ ਲਈ ਹਿਰਾਸਤ ਵਿਚ ਲੈਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਦਰਦਨਾਕ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਨੇ ਸਾਨੂੰ ਭਾਰਤੀਆਂ ਤੋਂ ਵੱਖ ਕੀਤਾ। ਹਵਾਈ ਅੱਡੇ ਦੇ ਹਰ ਗੇਟ ’ਤੇ 5000-6000 ਲੋਕ ਖੜ੍ਹੇ ਸਨ। ਸ਼ੁਰੂ ਵਿਚ ਅਸੀਂ ਅੰਦਰ ਨਹੀਂ ਜਾ ਸਕੇ। ਖਾਲਸਾ ਨੇ ਕਿਹਾ ਕਿ ਤਾਲਿਬਾਨ ਦੇ ਇਕ ਸ਼ਖਸ ਨੇ ਸਾਨੂੰ ਪ੍ਰੇਸ਼ਾਨ ਕੀਤਾ। ਫਿਰ ਅਸੀਂ ਉਥੋਂ ਨਿਕਲ ਗਏ ਅਤੇ ਇਕ ਗੁਰਦੁਆਰੇ ਵਿਚ ਆ ਗਏ। ਸਾਡੇ ਭਾਰਤੀ ਮਿੱਤਰਾਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ। ਇਹ ਸਮਝਣਾ ਮੁਸ਼ਕਲ ਸੀ ਕਿ ਕੌਣ ਚੰਗਾ ਇਨਸਾਨ ਸੀ ਅਤੇ ਕੌਣ ਬੁਰਾ। ਫਿਰ ਰਾਤ ਦੇ ਲਗਭਗ 8 ਵਜੇ, ਅਸੀਂ ਇਕ ਵੀ. ਆਈ. ਪੀ. ਪ੍ਰਵੇਸ਼ ਸਥਾਨ ਰਾਹੀਂ ਹਵਾਈ ਅੱਡੇ ’ਚ ਦਾਖਲ ਹੋਏ। ਖਾਲਸਾ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮੰਦਰ ਅਤੇ ਗੁਰਦੁਆਰੇ ਅਜੇ ਸੁਰੱਖਿਅਤ ਹਨ।
ਇਹ ਵੀ ਪੜ੍ਹੋ: ਲਾਦੇਨ ਦਾ ਰਿਸ਼ਤੇਦਾਰ ਹੈ ਅਫਗਾਨ ਦਾ ਸੰਭਾਵਿਤ ਰਾਸ਼ਟਰਪਤੀ, ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਦੇ ਚੁੱਕੈ ਧਮਕੀ