ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ''ਚ ਰਹਿ ਰਿਹਾ ਅਫ਼ਗਾਨਿਸਤਾਨੀ ਨਾਗਰਿਕ ਗ੍ਰਿਫ਼ਤਾਰ
Wednesday, Feb 08, 2023 - 03:14 PM (IST)
ਕੋਟਾਯਮ (ਭਾਸ਼ਾ)- ਜਾਇਜ਼ ਦਸਤਾਵੇਜ਼ਾਂ ਦੇ ਬਿਨਾਂ ਭਾਰਤ 'ਚ ਰਹਿ ਰਹੇ ਇਕ ਅਫ਼ਗਾਨਿਸਤਾਨੀ ਨਾਗਰਿਕ ਨੂੰ ਕੇਰਲ ਦੇ ਕੋਟਾਯਮ ਜ਼ਿਲ੍ਹੇ ਦੇ ਚੰਗਨਾਸੇਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੈਡੀਕਲ ਵੀਜ਼ੇ 'ਤੇ ਭਾਰਤ ਆਇਆ ਅਹਿਮਦ ਨਜ਼ੀਰ ਉਸਮਾਨੀ (24) ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ 'ਚ ਰਿਹਾ ਸੀ। ਚੰਗਨਾਸੇਰੀ ਪੁਲਸ ਨੇ ਮੰਗਲਵਾਰ ਨੂੰ ਉਸਮਾਨੀ ਲਈਕੜ ਪਿੰਡ ਤੋਂ ਗ੍ਰਿਫ਼ਤਾਰ ਕੀਤਾ।
ਪੁਲਸ ਨੇ ਦੱਸਿਆ ਕਿ ਉਸਮਾਨੀ ਇਸ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਬੈਂਗਲੁਰੂ ਦੇ ਹੋਟਲਾਂ 'ਚ ਕੰਮ ਕਰ ਚੁੱਕਿਆ ਹੈ। ਕੋਟਾਯਮ ਜ਼ਿਲ੍ਹਾ ਪੁਲਸ ਮੁਖੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਖ਼ਿਲਾਫ਼ ਗੈਰ-ਕਾਨੂੰਨੀ ਰੂਪ ਨਾਲ ਰਹਿਣ ਅਤੇ ਵੀਜ਼ਾ ਉਲੰਘਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੂਰੇ ਦਸਤਾਵੇਜ਼ਾਂ ਦੇ ਬਿਨਾਂ ਉਸ ਨੂੰ ਰੱਖਣ ਲਈ ਹੋਟਲ ਦੇ ਮਾਲਿਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸਮਾਨੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।