''ਇੰਨਾ ਵੱਡਾ ਦੇਸ਼ ਹੈ, ਪਤਾ ਨਹੀਂ ਕਿੱਥੇ ਲੁਕਿਆ ਹੈ ਆਦਿਤਿਯ ਇੰਸਾ''

08/25/2019 6:24:22 PM

ਸਿਰਸਾ (ਵਾਰਤਾ)— ਹਰਿਆਣਾ ਵਿਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਕਾਂਡ 'ਚ ਸੀ. ਬੀ. ਆਈ. ਵਲੋਂ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਉਣ ਤੋਂ ਬਾਅਦ ਭੜਕੀ ਹਿੰਸਾ ਮਾਮਲੇ 'ਚ ਆਦਿਤਿਯ ਇੰਸਾ ਅਜੇ ਤਕ ਫਰਾਰ ਹੈ। ਲੱਗਭਗ ਦੋ ਸਾਲ ਬੀਤਣ ਦੇ ਬਾਵਜੂਦ ਪੁਲਸ ਉਸ ਤਕ ਪਹੁੰਚ ਨਹੀਂ ਸਕੀ ਹੈ ਅਤੇ ਸਿਰਸਾ ਦੇ ਪੁਲਸ ਸੁਪਰਡੈਂਟ ਅਰੁਣ ਨਹਿਰਾ ਦਾ ਕਹਿਣਾ ਹੈ ਕਿ ਇੰਨਾ ਵੱਡਾ ਦੇਸ਼ ਹੈ, ਪਤਾ ਨਹੀਂ ਕਿੱਥੇ ਜਾ ਕੇ ਲੁਕਿਆ ਹੈ ਉਹ। ਪਤਾ ਲੱਗੇਗਾ ਤਾਂ ਮੀਡੀਆ ਨੂੰ ਦੱਸ ਦੇਵਾਂਗੇ।
ਇੱਥੇ ਦੱਸ ਦੇਈਏ ਕਿ ਆਦਿਤਿਯ ਵਿਰੁੱਧ ਅਗਸਤ 2017 ਵਿਚ ਪੰਚਕੂਲਾ ਅਤੇ ਸਿਰਸਾ ਵਿਚ ਹਿੰਸਾ ਅਤੇ ਅੱਗ ਲਾਉਣ ਦੀਆਂ ਘਟਨਾਵਾਂ 'ਚ ਦੋਸ਼ੀ ਮੰਨਦੇ ਹੋਏ ਪੰਚਕੂਲਾ ਤੇ ਸਿਰਸਾ ਸਦਰ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਹਨ। ਆਦਿਤਿਯ ਇੰਸਾ 'ਤੇ ਡੇਰਾ ਮਾਮਲਿਆਂ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਕਮੇਟੀ ਨੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਪਰ ਅਜੇ ਤਕ ਉਸ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ। ਆਦਿਤਿਯ ਨੂੰ ਜ਼ਮੀਨ ਖਾ ਗਈ ਜਾਂ ਆਸਮਾਨ, ਇਹ ਸਵਾਲ ਹਰ ਕੋਈ ਖੜ੍ਹਾ ਕਰਨ ਲੱਗਾ ਹੈ। ਜਦੋਂ ਇਸ ਸੰਦਰਭ 'ਚ ਸਿਰਸਾ ਦੇ ਪੁਲਸ ਸੁਪਰਡੈਂਟ ਅਰੁਣ ਨਹਿਰਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇੰਨਾ ਵੱਡਾ ਦੇਸ਼ ਹੈ, ਕਿੱਥੇ ਲੁਕਿਆ ਹੈ, ਕੀ ਪਤਾ ਲੱਗਦਾ ਹੈ? ਜੇਕਰ ਫੜਿਆ ਗਿਆ ਤਾਂ ਮੀਡੀਆ ਨੂੰ ਦੱਸ ਦੇਵਾਂਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਡੀਆ ਨੂੰ ਪਤਾ ਲੱਗੇ ਤਾਂ ਪੁਲਸ ਨੂੰ ਸੂਚਿਤ ਕਰੇ। 
ਇੱਥੇ ਦੱਸ ਦੇਈਏ ਕਿ ਪੰਚਕੂਲਾ ਅਤੇ ਸਿਰਸਾ 'ਚ ਭੜਕੀ ਹਿੱਸਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ 36 ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਕਰੋੜਾਂ ਰੁਪਏ ਦੇ ਵਾਹਨ ਅਤੇ ਹੋਰ ਜਾਇਦਾਦ ਦਾ ਨੁਕਸਾਨ ਹੋਇਆ ਸੀ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਹਾਲਾਂਕਿ ਡੇਰੇ ਦੀ ਜਾਇਦਾਦ ਤੋਂ ਨੁਕਸਾਨ ਦੀ ਭਰਪਾਈ ਦੇ ਸੂਬਾ ਸਰਕਾਰ ਨੂੰ ਹੁਕਮ ਦਿੱਤੇ ਸਨ ਪਰ ਇਹ ਮਾਮਲਾ ਸਿਰੇ ਨਹੀਂ ਚੜ੍ਹ ਸਕਿਆ ਹੈ।


Tanu

Content Editor

Related News