''ਸੰਨੀ ਲਿਓਨ'' ਨੇ ਸਰਕਾਰੀ ਯੋਜਨਾ ਦਾ ਚੁੱਕਿਆ ਲਾਭ, ਹਰ ਮਹੀਨੇ ਖਾਤੇ ''ਚ ਆਉਂਦੇ ਰਹੇ 1000 ਰੁਪਏ
Monday, Dec 23, 2024 - 11:45 AM (IST)
ਨੈਸ਼ਨਲ ਡੈਸਕ- ਅਦਾਕਾਰਾ ਸੰਨੀ ਲਿਓਨ ਸਰਕਾਰੀ ਯੋਜਨਾ ਦਾ ਲਾਭ ਲੈ ਰਹੀ ਹੈ। ਸੰਨੀ ਲਿਓਨ ਤਾਂ ਇਕ ਫਿਲਮ ਅਦਾਕਾਰਾ ਹੈ ਅਤੇ ਉਹ ਤਾਂ ਲੱਖਾਂ ਰੁਪਏ ਖਰਚ ਕਰਦੀ ਹੋਵੇਗੀ, ਫਿਰ ਉਸ ਨੂੰ ਸਰਕਾਰੀ ਯੋਜਨਾ ਦੇ 1000 ਰੁਪਏ ਹਰ ਮਹੀਨੇ ਲੈਣ ਦੀ ਕੀ ਲੋੜ ਪੈ ਗਈ। ਇਹ ਹੈਰਾਨ ਕਰਨ ਵਾਲੀ ਖ਼ਬਰ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੀ ਹੈ। ਮਾਮਲਾ ਨੋਟਿਸ 'ਚ ਆਉਂਦੇ ਹੀ ਕਲੈਕਟਰ ਹਰਿਸ਼ ਐੱਸ ਨੇ 'ਮਹਤਾਰੀ ਵੰਦਨ ਯੋਜਨਾ' ਦੇ ਪਿੰਡ ਤਾਲੁਰ ਨਾਲ ਸੰਬੰਧ ਬੇਨਿਯਮੀਆਂ ਦੀ ਜਾਂਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਸੰਬੰਧਤ ਬੈਂਕ ਖਾਤੇ ਨੂੰ ਸੀਜ਼ ਕਰ ਕੇ ਵਸੂਲੀ ਦੀ ਕਾਰਵਾਈ ਕਰਨ ਅਤੇ ਇਸ ਕੰਮ 'ਚ ਸ਼ਾਮਲ ਵਰਕਰ ਅਤੇ ਵਿਅਕਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ।
ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੇ ਦੱਸਿਆ ਕਿ 'ਮਹਤਾਰੀ ਵੰਦਨ ਯੋਜਨਾ' 'ਚ ਸੰਨੀ ਲਿਓਨ ਨੂੰ ਮਿਲ ਰਹੇ 1000 ਰੁਪਏ ਦੀ ਸ਼ਿਕਾਇਤ ਪ੍ਰਾਪਤ ਹੋਈ, ਜਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਉਕਤ ਅਰਜ਼ੀ ਪਿੰਡ ਤਾਲੂਰ ਦੀ ਆਂਗਣਵਾੜੀ ਵਰਕਰ ਵੇਦਮਤੀ ਜੋਸ਼ੀ ਦੀ ਆਈ.ਡੀ. ਤੋਂ ਰਜਿਸਟਰਡ ਹੋਈ ਹੈ। ਡੂੰਘਾਈ ਨਾਲ ਜਾਂਚ ਕੀਤੇ ਜਾਣ 'ਤੇ ਪਤਾ ਲੱਗਾ ਕਿ ਵੀਰੇਂਦਰ ਜੋਸ਼ੀ ਨਾਮੀ ਵਿਅਕਤੀ ਨੇ ਜਾਲਸਾਜ਼ੀ ਕਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰਾਸ਼ੀ ਆਪਣੇ ਖਾਤੇ 'ਚ ਜਮ੍ਹਾਂ ਕੀਤੀ। ਹੁਣ ਵੀਰੇਂਦਰ ਜੋਸ਼ੀ ਖ਼ਿਲਾਫ਼ ਸ਼ਾਸਨ ਨਾਲ ਧੋਖਾਧੜੀ ਕਰਨ ਦੇ ਅਪਰਾਧ 'ਚ ਐੱਫ.ਆਈ.ਆਰ. ਦਰਜ ਕਰਵਾਈ ਜਾ ਰਹੀ ਹੈ। ਉਸ ਦੇ ਬੈਂਕ ਖਾਤੇ ਨੂੰ ਹੋਲਡ ਕਰ ਕੇ ਵਸੂਲੀ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮਹਤਾਰੀ ਵੰਦਨ ਯੋਜਨਾ 2024 'ਚ ਛੱਤੀਸਗੜ੍ਹ ਸਰਕਾਰ ਨੇ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਆਰਥਿਕ ਰੂਪ ਨਾਲ ਕਮਜ਼ੋਰ ਵਿਆਹੁਤਾ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਮਦਦ ਪ੍ਰਦਾਨ ਕਰਨਾ ਹੈ। ਹਰ ਮਹੀਨੇ 1000 ਰੁਪਏ ਦੀ ਮਦਦ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8