ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਸਰਗਰਮੀਆਂ ਹੋਈਆਂ ਤੇਜ਼

Monday, Aug 22, 2022 - 12:54 PM (IST)

ਨਵੀਂ ਦਿੱਲੀ- ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਮੁਕੰਮਲ ਕਰਨ ਲਈ ਐਤਵਾਰ ਤੋਂ ਨਾਵਾਂ ਨੂੰ ਅੰਤਿਮ ਰੂਪ ਦੇਣ ਦੀ ਕਵਾਇਦ ਤੇਜ਼ ਹੋ ਗਈ। ਕਾਂਗਰਸ ਵਰਕਿੰਗ ਕਮੇਟੀ ਦੇ ਇੱਕ ਆਗੂ ਨੇ ਦੱਸਿਆ ਕਿ 20 ਸਤੰਬਰ ਤੱਕ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ। ਉੇਦੇਪੁਰ ਸੈਸ਼ਨ ਵਿੱਚ ਇਸ ਗੱਲ ’ਤੇ ਸਹਿਮਤੀ ਬਣੀ ਸੀ ਕਿ ਇਸ ਸਾਲ 21 ਅਗਸਤ ਤੋਂ 20 ਸਤੰਬਰ ਤੱਕ ਨਵੇਂ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਪਰ ਸਮੱਸਿਆ ਇਹ ਹੈ ਕਿ ਅਜੇ ਤੱਕ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਇੱਕ ਵੱਡਾ ਵਰਗ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਉਣਾ ਚਾਹੁੰਦਾ ਹੈ ਪਰ ਉਹ ਮੁੜ ਪ੍ਰਧਾਨ ਬਣਨ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ । ਇਸ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਪਾਰਟੀ ਦਾ ਇੱਕ ਵਰਗ ਚਾਹੁੰਦਾ ਹੈ ਕਿ ਸਾਲ 2024 ਵਿੱਚ ਕਾਂਗਰਸ ਦੀ ਮਜ਼ਬੂਤੀ ਲਈ ਉਸ ਨੂੰ ਅੰਤਰਿਮ ਨਹੀਂ ਸਗੋਂ ਪੂਰੇ ਸਮੇਂ ਦੇ ਪ੍ਰਧਾਨ ਦੀ ਲੋੜ ਹੈ। ਰਾਹੁਲ ਨੇ ਲਗਭਗ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਦੁਬਾਰਾ ਪ੍ਰਧਾਨ ਨਹੀਂ ਬਣਨਗੇ। ਇਸ ਸਥਿਤੀ ਵਿਚ ਪਾਰਟੀ ਅੰਦਰ ਆਪਸੀ ਉਲਝਨ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਨੂੰ ਦੂਰ ਕਰਨ ਲਈ ਕਈ ਆਗੂ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਇੰਚਾਰਜ ਪ੍ਰਿਯੰਕਾ ਗਾਂਧੀ ਨੂੰ ਨਵਾਂ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਰਾਕੇਸ਼ ਟਿਕੈਤ ਨੂੰ ਹਿਰਾਸਤ 'ਚ ਲਿਆ, ਕਿਸਾਨ ਆਗੂ ਬੋਲੇ- ਇਹ ਗ੍ਰਿਫ਼ਤਾਰੀ ਨਵੀਂ ਕ੍ਰਾਂਤੀ ਲਿਆਏਗੀ

ਪਾਰਟੀ ਅੰਦਰ ਇੱਕ ਵਰਗ ਅਜਿਹਾ ਵੀ ਹੈ ਜੋ 2024 ਦੀਆਂ ਆਮ ਚੋਣਾਂ ਵਿੱਚ ਪਰਿਵਾਰਵਾਦ ਵਿਰੁੱਧ ਭਾਜਪਾ ਦੇ ਹਮਲੇ ਨੂੰ ਬੇਅਸਰ ਕਰਨ ਲਈ ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਜੇ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਰਣਨੀਤੀ ਪਖੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਭ ਤੋਂ ਢੁੱਕਵੇਂ ਸਾਬਤ ਹੋ ਸਕਦੇ ਹਨ। ਉਂਝ ਗਹਿਲੋਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਅਹੁਦੇ ਦੇ ਉਮੀਦਵਾਰ ਨਹੀਂ ਹਨ। ਇਕ ਹੋਰ ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਪਾਰਟੀ ਦਾ ਇਕ ਹੋਰ ਧੜਾ ਹੈ ਜੋ ਦਲਿਤ ਨੇਤਾ ਮੁਕੁਲ ਵਾਸਨਿਕ, ਸੁਸ਼ੀਲ ਕੁਮਾਰ ਸ਼ਿੰਦੇ, ਕੁਮਾਰੀ ਸ਼ੈਲਜਾ ਅਤੇ ਮਲਿਕਾਅਰਜੁਨ ਖੜਗੇ ਵਰਗੇ ਨੇਤਾਵਾਂ ਵਿਚੋਂ ਕਿਸੇ ਇਕ ਨੂੰ ਦਲਿਤ, ਆਦਿਵਾਸੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀਆਂ ਵੋਟਾਂ ਦੀ ਪੂਰਤੀ ਲਈ ਪ੍ਰਧਾਨ ਬਣਾਉਣਾ ਚਾਹੁੰਦਾ ਹੈ। ਮੱਲਿਕਾਰਜੁਨ ਖੜਗੇ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਦਾ ਬੇਹੱਦ ਕਰੀਬੀ ਅਤੇ ਬੇਹੱਦ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ, ਇਸ ਲੜੀ ’ਚ ਉਨ੍ਹਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੀ ਕਵਾਇਦ ਚੱਲ ਸਕਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News