ਗੁਰੂਕੁਲ ’ਚ ਵਿਦਿਅਾਰਥਣਾਂ ਨਾਲ ਛੇੜਛਾੜ ਕਰਨ ਵਾਲਾ ਅਾਚਾਰੀਅਾ ਕ੍ਰਿਸ਼ਨਾਨੰਦ ਗ੍ਰਿਫਤਾਰ
Wednesday, Sep 26, 2018 - 07:16 PM (IST)

ਹਿਸਾਰ–ਬਾਬਿਅਾਂ ਦੇ ਅਾਸ਼ਰਮਾਂ ’ਚ ਅੌਰਤਾਂ ਨਾਲ ਛੇੜਛਾੜ ਅਤੇ ਸੈਕਸ ਸ਼ੋਸ਼ਣ ਦੀਅਾਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਅਾਂ। ਤਾਜ਼ਾ ਮਾਮਲਾ ਹਰਿਅਾਣਾ ਦੇ ਹਿਸਾਰ ਦਾ ਹੈ। ਜਿਥੇ ਇਕ ਗੁਰੂਕੁਲ ਦੇ ਸੰਚਾਲਕ ਅਾਚਾਰੀਅਾ ਕ੍ਰਿਸ਼ਨਾਨੰਦ ਨੇ 1 ਦਰਜਨ ਤੋਂ ਵੱਧ ਅੌਰਤਾਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੀਅਾਂ। ਵਿਦਿਅਾਰਥੀਅਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਅੱਜ ਮੁਲਜ਼ਮ ਬਾਬੇ ਨੂੰ ਗ੍ਰਿਫਤਾਰ ਕਰ ਲਿਅਾ ਹੈ। ਮਾਮਲਾ ਹਿਸਾਰ ਦੇ ਇਕ ਪਿੰਡ ਦਾ ਹੈ, ਜਿਥੇ ਕੰਨਿਅਾ ਗੁਰੂਕੁਲ ’ਚ ਵਿਦਿਅਾਰਥਣਾਂ ਦਾ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਸੀ। ਮਾਮਲੇ ਦਾ ਖੁਲਾਸਾ ਉਦੋਂ ਹੋਇਅਾ ਜਦੋਂ ਇਕ ਲੜਕੀ ਨੇ ਖੁਦ ਮਹਿਲਾ ਹੈਲਪਲਾਈਨ ਨੂੰ ਫੋਨ ਕਰਕੇ ਹੱਡਬੀਤੀ ਸੁਣਾਈ। ਡੀ. ਐੱਸ. ਪੀ. ਨਰਿੰਦਰ ਕਾਦਿਅਾਨ ਨੇ ਦੱਸਿਅਾ ਕਿ ਗੁਰੂਕੁਲ ’ਚ ਪੜ੍ਹਨ ਵਾਲੀ ਇਕ ਵਿਦਿਅਾਰਥਣ ਨੇ ਹੈਲਪਲਾਈਨ ’ਤੇ ਫੋਨ ਕੀਤਾ ਅਤੇ ਗੁਰੂਕੁਲ ਦੇ ਸੰਚਾਲਕ ਦੀਅਾਂ ਕਰਤੂਤਾਂ ਬਾਰੇ ਦੱਸਿਅਾ। ਥਾਣਾ ਸਦਰ ਦੇ ਇੰਚਾਰਜ ਓਮੇਦ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਅਤੇ ਪ੍ਰਬੰਧਕ ਕਮੇਟੀ ਦੇ ਸਾਹਮਣੇ ਵਿਦਿਅਾਰਥਣਾਂ ਨਾਲ ਗੱਲਬਾਤ ਕੀਤੀ। ਪੁਲਸ ਨੂੰ ਦੇਖ ਕੇ ਲੜਕੀਅਾਂ ਨੇ ਗੁਰੂਕੁਲ ਦੇ ਸੰਚਾਲਕ ਅਾਚਾਰੀਅਾ ਕ੍ਰਿਸ਼ਨਾਨੰਦ ਤੇ ਸੰਚਾਲਕਾ ’ਤੇ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਦੋਸ਼ ਲਾਏ।
ਵਿਦਿਅਾਰਥਣਾਂ ਦੀ ਗੱਲ ਸੁਣਨ ਮਗਰੋਂ ਪੁਲਸ ਨੇ ਤੁਰੰਤ ਮੁਲਜ਼ਮ ਕ੍ਰਿਸ਼ਨਾਨੰਦ ਨੂੰ ਗ੍ਰਿਫਤਾਰ ਕਰ ਲਿਅਾ। ਪੁਲਸ ਦੇ ਸਾਹਮਣੇ ਇਕ ਦਰਜਨ ਤੋਂ ਵੱਧ ਵਿਦਿਅਾਰਥਣਾਂ ਨੇ ਅਾਪਣੇ ਬਿਅਾਨ ਦਰਜ ਕਰਾਏ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਕ੍ਰਿਸ਼ਨਾਨੰਦ ਅਤੇ ਪ੍ਰਿੰਸੀਪਲ ਸੁਨੀਤਾ ਸ਼ਰਮਾ ਵਿਰੁੱਧ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਅਾ। ਵਰਨਣਯੋਗ ਹੈ ਕਿ ਗੁਰੂਕੁਲ ਵਿਚ ਕੁਲ 350 ਵਿਦਿਅਾਰਥਣਾਂ ਪੜ੍ਹਦੀਅਾਂ ਹਨ, ਲਗਭਗ 70 ਵਿਦਿਅਾਰਥਣਾਂ ਹੋਸਟਲ ਵਿਚ ਰਹਿੰਦੀਅਾਂ ਹਨ। ਸੈਕਸ ਸ਼ੋਸ਼ਣ ਦਾ ਖੁਲਾਸਾ ਹੋਣ ’ਤੇ ਕਈ ਲੜਕੀਅਾਂ ਨੇ ਗੁਰੂਕੁਲ ਛੱਡ ਦਿੱਤਾ ਹੈ।