ਸ਼ੱਕੀ ਅੱਤਵਾਦੀ ਨੇ ਅਦਾਲਤ ਤੋਂ ਮੰਗੀ ਮਨਜ਼ੂਰੀ, ਕਿਹਾ-ਤਿਹਾੜ ਜੇਲ੍ਹ 'ਚ ਡਾਕਟਰ ਵਜੋਂ ਕੰਮ ਕਰਨ ਲਈ ਤਿਆਰ

Thursday, May 13, 2021 - 05:04 PM (IST)

ਸ਼ੱਕੀ ਅੱਤਵਾਦੀ ਨੇ ਅਦਾਲਤ ਤੋਂ ਮੰਗੀ ਮਨਜ਼ੂਰੀ, ਕਿਹਾ-ਤਿਹਾੜ ਜੇਲ੍ਹ 'ਚ ਡਾਕਟਰ ਵਜੋਂ ਕੰਮ ਕਰਨ ਲਈ ਤਿਆਰ

ਨਵੀਂ ਦਿੱਲੀ- ਅਲਕਾਇਦਾ ਦਾ ਕਥਿਤ ਤੌਰ 'ਤੇ ਮੈਂਬਰ ਰਹੇ ਅਤੇ ਤਿਹਾੜ ਜੇਲ੍ਹ 'ਚ ਬੰਦ ਇਕ ਡਾਕਟਰ ਨੇ ਦਿੱਲੀ ਦੀ ਅਦਾਲਤ ਦਾ ਰੁਖ ਕਰ ਕੇ ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ ਜੇਲ੍ਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਮਨਜ਼ੂਰੀ ਮੰਗੀ ਹੈ। ਵਿਸ਼ੇਸ਼ ਜੱਜ ਧਰਮੇਂਦਰ ਰਾਣਾ ਦੇ ਸਾਹਮਣੇ ਬੁੱਧਵਾਰ ਨੂੰ ਦਾਖ਼ਲ ਪਟੀਸ਼ਨ 'ਚ ਦੋਸ਼ੀ ਸਬੀਲ ਅਹਿਮਦ ਨੇ ਕਿਹਾ ਹੈ ਕਿ ਮੈਡੀਕਲ ਪੇਸ਼ੇਵਰ ਦੇ ਤੌਰ 'ਤੇ ਉਸ ਦੇ ਅਨੁਭਵਾਂ ਅਤੇ ਮੁਹਾਰਤ ਦਾ ਲਾਭ ਕੇਂਦਰੀ ਜੇਲ੍ਹ ਦੇ ਕੈਦੀਆਂ ਦੇ ਇਲਾਜ ਅਤੇ ਕੋਰੋਨਾ ਦੇ ਮਾਮਲਿਆਂ ਨਾਲ ਨਜਿੱਠਣ 'ਚ ਲਿਆ ਜਾ ਸਕਦਾ ਹੈ। ਅੱਤਵਾਦੀ ਸੰਗਠਨ ਅਲਕਾਇਦਾ ਇਨ ਦਿ ਇੰਡੀਅਨ ਸਬ ਕਾਨਟਿਨੈਂਟ (ਐਕਸ.ਆਈ.ਐੱਸ.) ਦੇ ਮੈਂਬਰ ਰਹਿ ਚੁਕੇ ਅਹਿਮਦ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ 22 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਭਾਰਤ ਅਤੇ ਵਿਦੇਸ਼ਾਂ 'ਚ ਅੱਤਵਾਦੀ ਸੰਗਠਨ ਦੇ ਮੈਂਬਰਾਂ ਨੂੰ ਵਿੱਤੀ ਅਤੇ ਹੋਰ ਮਦਦ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਅਹਿਮਦ ਦੇ ਵਕੀਲ ਐੱਮ.ਐੱਸ. ਖਾਨ ਨੇ ਦੋਸ਼ੀ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਸਹਿਯੋਗ ਪ੍ਰਦਾਨ ਕਰਨ ਦੀ ਮਨਜ਼ੂਰੀ ਲਈ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ

ਪਟੀਸ਼ਨ 'ਚ ਕਿਹਾ ਗਿਆ,''ਇਹ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਦੋਸ਼ੀ ਐੱਮ.ਬੀ.ਬੀ.ਐੱਸ. ਡਾਕਟਰ ਹੈ ਅਤੇ ਉਸ ਨੂੰ ਗੰਭੀ ਮਰੀਜ਼ਾਂ ਦੇ ਇਲਾਜ ਦਾ 7 ਸਾਲਾਂ ਦਾ ਅਨੁਭਵ ਵੀ ਹੈ।'' ਪਟੀਸ਼ਨ 'ਚ ਕਿਹਾ,''ਮੈਡੀਕਲ ਪੇਸ਼ੇਵਰ ਦੇ ਤੌਰ 'ਤੇ ਉਸ ਦੇ ਅਨੁਭਵ ਅਤੇ ਮੁਹਾਰਤ ਦਾ ਲਾਭ ਕੋਰੋਨਾ ਮਾਮਲਿਆਂ ਨਾਲ ਨਿਪਟਣ ਅਤੇ ਜੇਲ੍ਹ ਦੇ ਕੈਦੀਆਂ ਦੇ ਇਲਾਜ 'ਚ ਕੀਤਾ ਜਾ ਸਕਦਾ ਹੈ।'' ਅਹਿਮਦ 30 ਜੂਨ 2007 ਨੂੰ ਬ੍ਰਿਟੇਨ ਦੇ ਗਲਾਸਗੋ ਹਵਾਈ ਅੱਡੇ 'ਤੇ ਆਤਮਘਾਤੀ ਹਮਲਾ ਮਾਮਲੇ 'ਚ ਵੀ ਦੋਸ਼ੀ ਹੈ। ਅਹਿਮਦ ਨੂੰ 20 ਅਗਸਤ 2020 ਨੂੰ ਸਾਊਦੀ ਅਰਬ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਬੈਂਗਲੁਰੂ 'ਚ ਅੱਤਵਾਦ ਦੇ ਦਰਜ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਉਸ ਨੂੰ ਹਿਰਾਸਤ 'ਚ ਲਿਆ ਸੀ। ਬਾਅਦ 'ਚ ਇਸ ਸਾਲ 22 ਫਰਵਰੀ ਨੂੰ ਮੌਜੂਦਾ ਮਾਮਲੇ 'ਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਉਸ ਨੂੰ ਹਿਰਾਸਤ 'ਚ ਲਿਆ।

ਇਹ ਵੀ ਪੜ੍ਹੋ : ਹੈਰਾਨੀਜਨਕ! ਸਟਾਫ਼ ਤੋਂ ਲਈ ਪੀਪੀਈ ਕਿਟ, ਫਿਰ ਕੋਰੋਨਾ ਮਰੀਜ਼ਾਂ ਦੇ ਮੋਬਾਇਲ ਲੈ ਕੇ ਫ਼ਰਾਰ ਹੋਇਆ ਚੋਰ


author

DIsha

Content Editor

Related News