SIT ਦੀ ਰਿਪੋਰਟ ਅਨੁਸਾਰ 1984 ਸਿੱਖ ਵਿਰੋਧੀ ਦੰਗਿਆਂ 'ਚ ਕੀਤੀ ਗਈ ਦਿਖਾਵਟੀ ਜਾਂਚ : ਸੁਪਰੀਮ ਕੋਰਟ

Friday, Nov 04, 2022 - 10:21 AM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਗਿਆ ਕਿ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਵਲੋਂ ਦਾਇਰ ਇਕ ਰਿਪੋਰਟ ਦੀ ਪੜਚੋਲ ਤੋਂ ਪਤਾ ਲੱਗਦਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਦਿਖਾਵਟੀ ਜਾਂਚ ਕੀਤੀ ਗਈ ਹੈ। ਪਟੀਸ਼ਨਕਰਤਾ ਐੱਸ. ਗੁਰਲਾਦ ਸਿੰਘ ਕਾਹਲੋਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ 29 ਨਵੰਬਰ 2019 ਨੂੰ ਦਾਇਰ ਐੱਸ.ਆਈ.ਟੀ. ਰਿਪੋਰਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਿਸ ਨਾਲ ਸੁਣਵਾਈ ਕੀਤੀ ਗਈ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਵਿਵਸਥਾ ਅਸਫ਼ਲ ਹੋ ਗਈ ਹੈ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਫੂਲਕਾ ਨੇ ਕਿਹਾ ਕਿ ਮਾਮਲਿਆਂ ਦੀ ਪੜਚੋਲ ਕਰਨ ਤੋਂ ਪਤਾ ਲੱਗਦਾ ਹੈ ਕਿ ਇਕ ਐੱਫ.ਆਈ.ਆਰ. 'ਚ ਪੁਲਸ ਨੇ ਵੱਖ-ਵੱਖ ਮਾਮਲਿਆਂ ਨੂੰ ਜੋੜ ਕੇ 56 ਲੋਕਾਂ ਦੇ ਕਤਲ ਦੇ ਸੰਬੰਧ 'ਚ ਚਾਲਾਨ ਭੇਜਿਆ। ਉਨ੍ਹਾਂ ਕਿਹਾ ਕਿ ਹੇਠਲੀ ਅਦਾਲਤ ਨੇ ਹਾਲਾਂਕਿ ਸਿਰਫ਼ 5 ਲੋਕਾਂ ਦੇ ਕਤਲ ਦੇ ਦੋਸ਼ ਤੈਅ ਕੀਤੇ ਅਤੇ ਬਾਕੀ ਦੇ ਸੰਬੰਧ 'ਚ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ। ਫੂਲਕਾ ਨੇ ਰਿਪੋਰਟ ਦਾ ਅੰਸ਼ ਪੜ੍ਹਦੇ ਹੋਏ ਕਿਹਾ,''ਇਹ ਪਤਾ ਨਹੀਂ ਹੈ ਕਿ 56 ਕਤਲਾਂ ਦੀ ਜਗ੍ਹਾ ਸਿਰਫ਼ 5 ਕਤਲਾਂ ਲਈ ਦੋਸ਼ ਕਿਉਂ ਤੈਅ ਕੀਤੇ ਗਏ ਅਤੇ ਹੇਠਲੀ ਅਦਾਲਤ ਨੇ ਅਪਰਾਧ ਦੀ ਹਰੇਕ ਘਟਨਾ ਦੇ ਮੁਕੱਦਮੇ ਨੂੰ ਵੱਖ ਕਰਨ ਦਾ ਆਦੇਸ਼ ਕਿਉਂ ਨਹੀਂ ਦਿੱਤਾ।''

ਇਹ ਵੀ ਪੜ੍ਹੋ : ਨੀਂਦ ਨੇ ਲੈ ਲਈਆਂ 11 ਜਾਨਾਂ, ਹਾਦਸਾ ਇੰਨਾ ਭਿਆਨਕ ਕਿ ਗੈਸ ਕਟਰ ਨਾਲ ਕੱਢਣੀਆਂ ਪਈਆਂ ਲਾਸ਼ਾਂ

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਿਪੋਰਟ ਦੇਖੇਗੀ ਅਤੇ ਮਾਮਲੇ 'ਚ ਅਗਲੀ ਸੁਣਵਾਈ ਲਈ ਤਾਰੀਖ਼ 2 ਹਫ਼ਤੇ ਬਾਅਦ ਦੀ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਮੈਂਬਰ ਕਾਹਲੋਂ ਦੀ ਪਟੀਸ਼ਨ 'ਤੇ ਅਦਾਲਤ ਨੇ ਪਹਿਲਾਂ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਸੀ। ਕਾਹਲੋਂ ਨੇ ਦੰਗਿਆਂ 'ਚ ਨਾਮਜ਼ਦ 62 ਪੁਲਸ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ 1984 ਦੇ ਦੰਗਿਆਂ ਦੇ ਮਾਮਲਿਆਂ 'ਚ ਅੱਗੇ ਦੀ ਜਾਂਚ ਦੀ ਨਿਗਰਾਨੀ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ.ਐੱਨ. ਢੀਂਗਰਾ ਦੀ ਪ੍ਰਧਾਗਨੀ 'ਚ ਐੱਸ.ਆਈ.ਟੀ. ਦਾ ਗਠਨ ਕੀਤਾ ਸੀ, ਜਿਸ 'ਚ ਕਲੋਜ਼ਰ ਰਿਪੋਰਟ ਪਹਿਲੇ ਦਾਇਰ ਕੀਤੀ ਗਈ ਸੀ। ਐੱਸ.ਆਈ.ਟੀ. 'ਚ ਇਸ ਦੇ ਮੈਂਬਰ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਰਾਜਦੀਪ ਸਿੰਘ ਅਤੇ ਆਈ.ਪੀ.ਐੱਸ. ਅਧਿਕਾਰੀ ਅਭਿਸ਼ੇਕ ਦੁਲਾਰ ਵੀ ਹਨ। ਹਾਲਾਂਕਿ ਮੌਜੂਦਾ ਸਮੇਂ ਇਸ 'ਚ ਸਿਰਫ਼ 2 ਮੈਂਬਰ ਹਨ, ਕਿਉਂਕਿ ਸਿੰਘ ਨੇ ਵਿਅਕਤੀਗਤ ਆਧਾਰ 'ਤੇ ਟੀਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਸੁਰੱਖਿਆ ਕਰਮੀਆਂ ਵਲੋਂ 31 ਅਕਤੂਬਰ 1984 ਦੀ ਸਵੇਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਵੱਡੇ ਪੈਮਾਨੇ 'ਤੇ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ ਦੌਰਾਨ ਇਕੱਲੀ ਦਿੱਲੀ 'ਚ 2,733  ਲੋਕਾਂ ਦੀ ਜਾਨ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News