ਪੀ. ਐੱਮ. ਮੋਦੀ ਦੇ ਰੋਡ ਸ਼ੋਅ ਦੌਰਾਨ ਹਾਦਸਾ, ਸਟੇਜ ਡਿੱਗਣ ਕਾਰਨ ਔਰਤਾਂ-ਬੱਚਿਆਂ ਸਣੇ 10 ਤੋਂ ਵੱਧ ਲੋਕ ਜ਼ਖ਼ਮੀ
Monday, Apr 08, 2024 - 05:51 AM (IST)
ਜਬਲਪੁਰ (ਬਿਊਰੋ)– ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਪੀ. ਐੱਮ. ਮੋਦੀ ਦੇ ਰੋਡ ਸ਼ੋਅ ਦੌਰਾਨ ਇਕ ਹਾਦਸਾ ਹੋ ਗਿਆ। ਦਰਅਸਲ ਸਟੇਜ ਡਿੱਗਣ ਕਾਰਨ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਪੱਤਰਕਾਰ, ਔਰਤਾਂ ਤੇ ਬੱਚੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੇੜੇ ਹਨ, ਇਸ ਲਈ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੂੰ ਦੇਖਣ ਲਈ ਭੀੜ ਇਕੱਠੀ ਹੋਈ
ਪੀ. ਐੱਮ. ਮੋਦੀ ਨੇ ਐਤਵਾਰ ਨੂੰ ਜਬਲਪੁਰ ’ਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਦੀ ਭਾਰੀ ਭੀੜ ਵਿਚਾਲੇ ਸਟੇਜ ਡਿੱਗਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਕਿਸੇ ਨੂੰ ਵੀ ਗੰਭੀਰ ਸੱਟ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪੀ. ਐੱਮ. ਦੀ ਝਲਕ ਪਾਉਣ ਲਈ ਜ਼ਿਆਦਾ ਲੋਕ ਸਟੇਜ ’ਤੇ ਚੜ੍ਹ ਗਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਦੇ ਸਮਝਾਉਣ ਦੇ ਬਾਵਜੂਦ ਲੋਕ ਨਹੀਂ ਮੰਨ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਹਮਾਸ-ਇਜ਼ਰਾਈਲ ਜੰਗ ਨੂੰ ਪੂਰੇ ਹੋਏ 6 ਮਹੀਨੇ, ਗਾਜ਼ਾ ’ਚ 33 ਹਜ਼ਾਰ ਲੋਕ ਤੇ ਹਮਾਸ ਦੇ 13 ਹਜ਼ਾਰ ਅੱਤਵਾਦੀ ਮਾਰੇ ਗਏ
ਪੀ. ਐੱਮ. ਨੇ ਐਕਸ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ
ਪੀ. ਐੱਮ. ਮੋਦੀ ਨੇ ਆਪਣੇ ਐਕਸ ਹੈਂਡਲ ’ਤੇ ਜਬਲਪੁਰ ’ਚ ਕਰਵਾਏ ਗਏ ਰੋਡ ਸ਼ੋਅ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਕਿਹਾ, ‘‘ਅੱਜ ਜਬਲਪੁਰ ’ਚ ਰੋਡ ਸ਼ੋਅ ਬਹੁਤ ਸ਼ਾਨਦਾਰ ਸੀ। ਇਥੇ ਮੇਰੇ ਪਰਿਵਾਰਕ ਮੈਂਬਰਾਂ ਦਾ ਉਤਸ਼ਾਹ ਤੇ ਜਜ਼ਬਾ ਦੱਸ ਰਿਹਾ ਹੈ ਕਿ ਅਸੀਂ ਤੀਜੇ ਕਾਰਜਕਾਲ ਦੀ ਬਖਸ਼ਿਸ਼ ਕਰਨ ਜਾ ਰਹੇ ਹਾਂ। ਬਿਹਤਰ ਬੁਨਿਆਦੀ ਢਾਂਚੇ ਤੇ ਸੜਕਾਂ ਦੇ ਨਾਲ-ਨਾਲ ਅਸੀਂ ਇਥੇ ਹਰ ਖ਼ੇਤਰ ’ਚ ਬੇਮਿਸਾਲ ਕੰਮ ਕੀਤਾ ਹੈ। ਇਸ ਨਾਲ ਜਬਲਪੁਰ ਦੇ ਵਿਕਾਸ ਨੂੰ ਨਵੇਂ ਖੰਭ ਮਿਲੇ ਹਨ।’’
ਕੀ ਕਿਹਾ ਪ੍ਰਧਾਨ ਮੰਤਰੀ ਨੇ?
ਪੀ. ਐੱਮ. ਨੇ ਕਿਹਾ ਕਿ ਜਬਲਪੁਰ ’ਚ ਮੇਰੇ ਪਰਿਵਾਰਕ ਮੈਂਬਰਾਂ ਨੇ ਲੰਬੇ ਸਮੇਂ ਤੋਂ ਕਾਂਗਰਸ ਦੀ ਲੋਕ ਵਿਰੋਧੀ ਰਾਜਨੀਤੀ ਦੇਖੀ ਹੈ। ਉਨ੍ਹਾਂ ਨੇ ਹਮੇਸ਼ਾ ਭਾਜਪਾ ਦਾ ਸਮਰਥਨ ਕੀਤਾ ਹੈ। ਸਾਡੀ ਪਾਰਟੀ ਨੇ ਵੀ ਹਮੇਸ਼ਾ ਸੰਸਦ ’ਚ ਜਬਲਪੁਰ ਦੇ ਸਰਬਪੱਖੀ ਵਿਕਾਸ ਦੀ ਗੱਲ ਕੀਤੀ ਹੈ। ਅਸੀਂ ਆਉਣ ਵਾਲੇ ਸਮੇਂ ’ਚ ਵੀ ਇਸ ਸਮੁੱਚੇ ਇਲਾਕੇ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ’ਚ ਵੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਬਲਪੁਰ ਦਾ ਵਿਕਾਸ ਪੂਰੀ ਗਤੀ ਤੇ ਪੈਮਾਨੇ ਨਾਲ ਹੋਵੇ। ਅਸੀਂ MSMEs, ਸ਼ਹਿਰੀ ਬੁਨਿਆਦੀ ਢਾਂਚੇ ਤੇ ਸੈਰ-ਸਪਾਟਾ ਵਰਗੇ ਖ਼ੇਤਰਾਂ ਨੂੰ ਪ੍ਰਮੁੱਖ ਤਰਜੀਹ ਦੇਣਾ ਜਾਰੀ ਰੱਖਾਂਗੇ ਤਾਂ ਜੋ ਇਸ ਖ਼ੇਤਰ ਦੀ ਆਰਥਿਕਤਾ ’ਚ ਹੋਰ ਸੁਧਾਰ ਹੋ ਸਕੇ। ਜਬਲਪੁਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਸਾਡੀ ਹਰ ਕੋਸ਼ਿਸ਼ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।