ACB ਨੇ ਜੰਮੂ-ਕਸ਼ਮੀਰ ''ਚ 6 ਥਾਵਾਂ ''ਤੇ ਕੀਤੀ ਛਾਪੇਮਾਰੀ

Friday, Jan 24, 2025 - 10:11 AM (IST)

ACB ਨੇ ਜੰਮੂ-ਕਸ਼ਮੀਰ ''ਚ 6 ਥਾਵਾਂ ''ਤੇ ਕੀਤੀ ਛਾਪੇਮਾਰੀ

ਸ਼੍ਰੀਨਗਰ- ਜੰਮੂ-ਕਸ਼ਮੀਰ ਐਂਟੀ ਕਰੱਪਸ਼ਨ ਬਿਊਰੋ (ACB) ਨੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ 'ਚ ਚੋਣ ਪ੍ਰਕਿਰਿਆ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ACB ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਜਾਂਚ ਦੇ ਸਬੰਧ ਵਿਚ ACB ਸੈਂਟਰਲ ਨੇ ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ 6 ਵੱਖ-ਵੱਖ ਥਾਵਾਂ 'ਤੇ ਮੁਲਜ਼ਮਾਂ ਦੀ ਰਿਹਾਇਸ਼, ਦਫ਼ਤਰਾਂ ਅਤੇ ਸਰਕਾਰੀ ਕੁਆਰਟਰਾਂ ਦੀ ਤਲਾਸ਼ੀ ਲਈ।

ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਵਿਭਾਗ ਵਿੱਚ ਫਾਇਰਮੈਨ ਅਤੇ ਫਾਇਰਮੈਨ ਡਰਾਈਵਰਾਂ ਦੀ ਭਰਤੀ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਕੁਝ ਉਮੀਦਵਾਰਾਂ ਨੂੰ ਬੇਲੋੜੀ ਰਿਆਇਤਾਂ ਦਿੱਤੀਆਂ ਗਈਆਂ ਹਨ। ਸ਼ਿਕਾਇਤਾਂ ਅਨੁਸਾਰ ਇਸ ਵਿਭਾਗ ਵਿਚ ਨਿਯੁਕਤੀਆਂ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ACB ਨੇ ਕਥਿਤ ਬੇਨਿਯਮੀਆਂ ਨੂੰ ਲੈ ਕੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਵੱਖ-ਵੱਖ ਇਲੈਕਟ੍ਰਾਨਿਕ ਯੰਤਰ ਅਤੇ ਹੋਰ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


author

Tanu

Content Editor

Related News