ABVP ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ, ਸ਼ਿਮਲਾ ਨਗਰ ਨਿਗਮ ਦਫਤਰ ''ਚ ਕੀਤੀ ਨਾਅਰੇਬਾਜ਼ੀ
Thursday, Feb 06, 2020 - 05:58 PM (IST)

ਸ਼ਿਮਲਾ— ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ. ਬੀ. ਵੀ. ਪੀ.) ਨੇ ਇਨ੍ਹੀਂ ਦਿਨੀਂ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਖੁਸ਼ ਨਹੀਂ ਹੈ ਅਤੇ ਉਸ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਂਝ ਏ. ਬੀ. ਵੀ. ਪੀ. ਭਾਜਪਾ ਸਹਿਯੋਗੀ ਵਿਦਿਆਰਥੀ ਸੰਗਠਨ ਹੈ। ਪਰੀਸ਼ਦ ਨੇ ਸ਼ਿਮਲਾ ਨਗਰ ਨਿਗਮ 'ਚ ਭਾਜਪਾ ਸਹਿਯੋਗੀ ਮੇਅਰ ਸੱਤਿਆ ਠਾਕੁਰ ਕੌਂਡਲ 'ਤੇ ਸ਼ਹਿਰ 'ਚ ਆਵਾਰਾ ਪਸ਼ੂਆਂ ਅਤੇ ਸਾਫ-ਸਫਾਈ ਦੀ ਸਮੱਸਿਆ ਅਤੇ ਹੋਰ ਮੰਗਾਂ ਨੂੰ ਲੈ ਕੇ ਦਫਤਰ ਦਾ ਘਿਰਾਓ ਕੀਤਾ ਅਤੇ ਦਫਤਰ ਦੇ ਅੰਦਰ ਜਮ ਕੇ ਨਾਅਰੇਬਾਜ਼ੀ ਕੀਤੀ। ਮੇਅਰ ਤੋਂ ਜਵਾਬ ਤਲਬ ਕੀਤਾ ਗਿਆ। ਏ. ਬੀ. ਵੀ. ਪੀ. ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੇਅਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਵੀ ਦਿੱਤਾ। ਮੇਅਰ ਤੋਂ ਕਈ ਸਵਾਲ ਕੀਤੇ ਪਰ ਜਵਾਬ ਨਾ ਮਿਲਦਾ ਦੇਖ ਕੇ ਨਿਗਮ ਕਮਿਸ਼ਨਰ ਨੂੰ ਬੁਲਾਇਆ ਗਿਆ ਤਾਂ ਭਰੋਸਾ ਮਿਲਣ ਤੋਂ ਬਾਅਦ ਏ. ਬੀ. ਵੀ. ਪੀ. ਮੰਨੀ।
ਏ. ਬੀ. ਵੀ. ਪੀ. ਜ਼ਿਲਾ ਕਨਵੀਨਰ ਰਾਹੁਲ ਰਾਣਾ ਨੇ ਕਿਹਾ ਕਿ ਸ਼ਿਮਲਾ ਨਗਰ ਨਿਗਮ ਮੁੱਖ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਅਸਫਲ ਹੈ। ਸਾਫ-ਸਫਾਈ ਦੀ ਵਿਵਸਥਾ ਨਾ-ਮਾਤਰ ਹੈ। ਨਗਰ ਨਿਗਮ ਸ਼ਿਮਲਾ ਹਰ ਮੋਰਚੇ 'ਤੇ ਅਸਫਲ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂ ਲੋਕਾਂ ਅਤੇ ਵਿਦਿਆਰਥੀਆਂ ਨੂੰ ਜ਼ਖਮੀ ਕਰ ਰਹੇ ਹਨ। ਇਸ ਬਾਰੇ ਕਈ ਵਾਰ ਲਿਖਤੀ ਸ਼ਿਕਾਇਤ ਦਿੱਤੀ ਗਈ ਪਰ ਕੋਈ ਹੱਲ ਨਹੀਂ ਕੱਢਿਆ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਸ਼ਿਮਲਾ ਨਗਰ ਨਿਗਮ ਨੇ ਐਲਾਨ ਕੀਤਾ ਸੀ ਕਿ ਸਮਰ ਹਿੱਲ ਚੌਕ 'ਤੇ ਵਿਵੇਕਾਨੰਦ ਦਾ ਬੁੱਤ ਲਾਇਆ ਜਾਵੇਗਾ ਅਤੇ ਇਸ ਨੂੰ ਲੈ ਕੇ ਇਕ ਮਤਾ ਵੀ ਪਾਸ ਕੀਤਾ ਗਿਆ ਸੀ ਪਰ ਅਜੇ ਤਕ ਕੁਝ ਨਹੀਂ ਹੋਇਆ ਇਹ ਸਿਰਫ ਕਾਗਜ਼ਾਂ ਵਿਚ ਹੀ ਲਟਕਿਆ ਹੋਇਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਕ ਮਹੀਨੇ ਦੇ ਅੰਦਰ ਜੇਕਰ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਤਾਂ ਏ. ਵੀ. ਬੀ. ਪੀ. ਵੱਡਾ ਅੰਦੋਲਨ ਖੜ੍ਹਾ ਕਰੇਗੀ ਅਤੇ ਮੇਅਰ ਨੂੰ ਨਿਗਮ ਦਫਤਰ ਵਿਚ ਦਾਖਲ ਨਹੀਂ ਹੋਣ ਦੇਵੇਗੀ।