ਅਭਿਸ਼ੇਕ ਸਿੰਘ ਦੀ ਘਰ ਵਾਪਸੀ ਮੁਸ਼ਕਲ
Friday, Sep 06, 2024 - 05:39 PM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਸੇਵਾ ਦੇ 2010 ਬੈਚ ਦੇ ਆਈ. ਏ. ਐੱਸ. ਅਧਿਕਾਰੀ ਡਾ. ਸ਼ਾਹ ਫੈਸਲ ਖੁਸ਼ਕਿਸਮਤ ਰਹੇ ਕਿ ਆਈ. ਏ. ਐੱਸ. ਦੀ ਨੌਕਰੀ ਛੱਡ ਕੇ ਸਿਆਸਤ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਸੇਵਾ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਇਹ ਇਕ ਦੁਰਲੱਭ ਮਾਮਲਾ ਸੀ। ਡਾ. ਸ਼ਾਹ ਨੇ ਵੀ. ਆਰ. ਐੱਸ. ਲਿਆ ਅਤੇ ਇਕ ਸਿਆਸੀ ਪਾਰਟੀ ਬਣਾਈ ਤੇ 2 ਸਾਲਾਂ ਬਾਅਦ ਉਹ ਸਿਆਸਤ ਛੱਡ ਕੇ ਸੇਵਾ ਵਿਚ ਮੁੜ ਸ਼ਾਮਲ ਹੋ ਗਏ। ਲੋਕਾਂ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਪਰ ਮੋਟੇ ਤੌਰ ’ਤੇ ਸਵਾਗਤ ਕੀਤਾ।
ਹੁਣ ਇਕ ਹੋਰ ਆਈ. ਏ. ਐੱਸ. ਅਧਿਕਾਰੀ ਨੂੰ ਵੀ ਇਹੀ ਭਰੋਸਾ ਹੈ। ਯੂ. ਪੀ. ਕੇਡਰ ਦੇ 2011 ਬੈਚ ਦੇ ਇਕ ਚੁਸਤ ਅਤੇ ਤੇਜ਼-ਤਰਾਰ ਆਈ. ਏ. ਐੱਸ. ਅਧਿਕਾਰੀ ਅਭਿਸ਼ੇਕ ਸਿੰਘ, ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਵੀ. ਆਰ. ਐੱਸ. ਲੈ ਕੇ ਸਿਆਸਤ ਵਿਚ ਪੈਰ ਧਰਿਆ ਸੀ ਪਰ ਹੁਣ ਉਨ੍ਹਾਂ ਦਾ ਸੇਵਾ ਵਿਚ ਵਾਪਸ ਆਉਣਾ ਮੁਸ਼ਕਲ ਲੱਗ ਰਿਹਾ ਹੈ। ਮਾਡਲ ਅਤੇ ਫਿਲਮ ਅਦਾਕਾਰ ਅਭਿਸ਼ੇਕ ਸਿੰਘ ਨੇ ਹੁਣ ਕੇਂਦਰ ਨੂੰ ਸੇਵਾ ਵਿਚ ਵਾਪਸ ਆਉਣ ਦੀ ਅਪੀਲ ਕੀਤੀ ਹੈ ਪਰ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਨਾ ਲੈਣ ਦਾ ਸਿਫਾਰਿਸ਼ ਕੀਤੀ ਹੈ। ਆਖਰੀ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ।
ਸੂਤਰਾਂ ਮੁਤਾਬਕ ਅਭਿਸ਼ੇਕ ਸਿੰਘ ਦੀ ਸਿਆਸੀ ਸਰਗਰਮੀ ਕਾਰਨ ਭਾਰਤ ਸਰਕਾਰ ਵੀ ਉਨ੍ਹਾਂ ਦੇ ਨਾਂ ’ਤੇ ਵਿਚਾਰ ਕਰਨ ਲਈ ਤਿਆਰ ਨਹੀਂ ਹੈ। ਸਿੰਘ ਨੇ ਅਕਤੂਬਰ, 2023 ਵਿਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਜੌਨਪੁਰ ਤੋਂ ਭਾਜਪਾ ਦੀ ਲੋਕ ਸਭਾ ਟਿਕਟ ਹਾਸਲ ਕਰਨ ਲਈ ਬਹੁਤ ਯਤਨ ਕੀਤੇ ਸਨ ਪਰ ਉਨ੍ਹਾਂ ਦੀ ਮਿਹਨਤ ਰੰਗ ਨਹੀਂ ਲਿਆ ਸਕੀ। ਜਾਤੀ ਮਰਦਮਸ਼ੁਮਾਰੀ ਅਤੇ ਰਾਖਵੇਂਕਰਨ ਲਈ ਉਨ੍ਹਾਂ ਦੇ ਸਮਰਥਨ ਨੇ ਸਥਿਤੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਉਨ੍ਹਾਂ ਦੀ ਪਤਨੀ ਦੁਰਗਾ ਸ਼ਕਤੀ ਨਾਗਪਾਲ ਇਸ ਸਮੇਂ ਲਖੀਮਪੁਰ ਖੇੜੀ ਦੀ ਡੀ. ਐੱਮ. ਹੈ।