''ਆਪ'' ਸੰਸਦ ਮੈਂਬਰ ਸੰਜੇ ਸਿੰਘ ਨੇ ਕੋਰਟ ''ਚ ਕੀਤਾ ਆਤਮਸਮਰਪਣ, ਜ਼ਮਾਨਤ ਮਿਲੀ
Wednesday, Aug 28, 2024 - 04:49 PM (IST)
ਸੁਲਤਾਨਪੁਰ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਇੱਥੇ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ 'ਚ ਆਤਮਸਮਰਪਣ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਇਲਾਹਾਬਾਦ ਹਾਈ ਕੋਰਟ ਨੇ 22 ਅਗਸਤ ਨੂੰ ਬਿਜਲੀ-ਪਾਣੀ ਲਈ ਵਿਰੋਧ ਪ੍ਰਦਰਸ਼ਨ ਦੇ 2001 ਦੇ ਮਾਮਲੇ 'ਚ ਸੰਜੇ ਸਿੰਘ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ। ਸਿੰਘ ਨੇ ਹਾਈ ਕੋਰਟ ਦੇ ਨਿਰਦੇਸ਼ ਅਨੁਸਾਰ, ਜ਼ਮਾਨਤ ਲਈ 50 ਹਜ਼ਾਰ ਰੁਪਏ ਦਾ ਮੁਚਲਕਾ ਭਰਿਆ। ਸੰਜੇ ਸਿੰਘ ਦੇ ਐਡਵੋਕੇਟ ਮਦਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਸੰਜੇ ਸਿੰਘ ਨੇ ਸੰਸਦ ਮੈਂਬਰ/ਵਿਧਾਇਕ ਅਦਾਲਤ 'ਚ ਆਤਮਸਮਰਪਣ ਕੀਤਾ ਅਤੇ ਅਦਾਲਤ ਨੇ 50 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਬਿਜਲੀ-ਪਾਣੀ ਨੂੰ ਲੈ ਕੇ ਪ੍ਰਦਰਸ਼ਨ ਦੇ 23 ਸਾਲ ਪੁਰਾਣੇ ਮਾਮਲੇ 'ਚ ਇੱਥੇ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 11 ਜਨਵਰੀ ਨੂੰ ਸੰਜੇ ਸਿੰਘ ਨੂੰ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ ਅਤੇ 1500 ਰੁਪਏ ਜੁਰਮਾਨਾ ਲਗਾਇਆ ਸੀ।
ਅਦਾਲਤ ਵਲੋਂ 11 ਜਨਵਰੀ 2023 ਨੂੰ ਸਿੰਘ ਅਤੇ 5 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਇਸ ਸਾਲ 6 ਅਗਸਤ ਨੂੰ ਸਜ਼ਾ ਖ਼ਿਲਾਫ਼ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਸੰਸਦ ਮੈਂਬਰ/ਵਿਧਾਇਕ ਅਦਾਲਤ ਵਲੋਂ ਸਿੰਘ, ਸਮਾਜਵਾਦੀ ਪਾਰਟੀ ਦੇ ਨੇਤਾ ਅਨੂਪ ਸੰਡਾ ਅਤੇ ਚਾਰ ਹੋਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। 'ਆਪ' ਨੇਤਾ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦੇ ਜੱਜ ਕੇ.ਐੱਸ. ਪਵਾਰ ਦੀ ਬੈਂਚ ਨੇ ਆਦੇਸ਼ ਦਿੱਤਾ ਸੀ ਕਿ ਸਿੰਘ ਨੂੰ ਵਿਸ਼ੇਸ਼ ਅਦਾਲਤ ਦੀ ਸੰਤੁਸ਼ਟੀ ਦੇ ਅਨੁਰੂਪ 50 ਹਜ਼ਾਰ ਰੁਪਏ ਦਾ ਨਿੱਜੀ ਮੁਚਲਕਾ ਭਰਨਾ ਹੋਵੇਗਾ ਅਤੇ ਇਹ ਸਹੁੰ ਪੱਤਰ ਦੇਣਾ ਹੋਵੇਗਾ ਕਿ ਉਹ ਜਾਂ ਉਨ੍ਹਾਂ ਦੇ ਵਕੀਲ ਮੁੜ ਨਿਰੀਖਣ ਪਟੀਸ਼ਨ 'ਤੇ ਸੁਣਵਾਈ ਦੇ ਸਮੇਂ ਅਦਾਲਤ 'ਚ ਹਾਜ਼ਰ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8