ਮੁੱਖ ਸਕੱਤਰ ਕੁੱਟਮਾਰ: ਅਮਾਨਤੁੱਲਾਹ, ਜਰਵਾਲ ਦੀ ਨਿਆਇਕ ਹਿਰਾਸਤ ਵਧੀ
Thursday, Mar 08, 2018 - 05:28 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਦੇ ਦੋਸ਼ 'ਚ 'ਆਪ' ਦੇ 2 ਵਿਧਾਇਕਾਂ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ ਹੈ। ਮੈਟਰੋਪਾਲਿਟਨ ਮੈਜਿਸਟਰੇਟ ਸ਼ੇਫਾਲੀ ਬਰਨਾਲਾ ਟੰਡਨ ਨੇ ਦੋਹਾਂ ਨੂੰ 22 ਮਾਰਚ ਤੱਕ ਮੰਡੋਲੀ ਜੇਲ ਭੇਜ ਦਿੱਤਾ। ਕੋਰਟ ਦੇ ਸੂਤਰਾਂ ਅਨੁਸਾਰ, ਮਾਮਲੇ 'ਤੇ ਅੱਗੇ ਸੁਣਵਾਈ ਪਟਿਆਲਾ ਹਾਊਸ ਕੋਰਟ 'ਚ ਹੋਵੇਗੀ। ਦਰਅਸਲ ਦਿੱਲੀ ਹਾਈ ਕੋਰਟ ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ ਅਪਰਾਧਕ ਮਾਮਲਿਆਂ ਦੀ ਸੁਣਵਾਈ ਲਈ ਪਟਿਆਲਾ ਹਾਊਸ ਕੋਰਟ ਦੇ ਅੰਦਰ 2 ਸਪੈਸ਼ਲ ਕੋਰਟਾਂ ਨੂੰ ਚਿੰਨ੍ਹਿਤ ਕੀਤਾ ਹੈ।
ਖਾਨ ਅਤੇ ਜਰਵਾਲ ਨੂੰ 22 ਫਰਵਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ ਅਤੇ ਕੋਰਟ ਨੇ ਇਸ ਨੂੰ ਬੇਹੱਦ ਸੰਵੇਦਨਸ਼ੀਲ ਮੁੱਦਾ ਕਰਾਰ ਦਿੱਤਾ ਹੈ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨਾਂ ਨੂੰ ਅਗਲੇ ਦਿਨ ਖਾਰਜ ਕਰ ਦਿੱਤਾ ਗਿਆ ਸੀ। ਕੋਰਟ ਨੇ ਕਿਹਾ ਸੀ ਕਿ ਪਹਿਲੀ ਨਜ਼ਰ 'ਚ ਇਹ ਪਹਿਲਾਂ ਤੋਂ ਬਣਾਈ ਗਈ ਅਪਰਾਧਕ ਯੋਜਨਾ ਨਜ਼ਰ ਆਉਂਦੀ ਹੈ। ਸੈਸ਼ਨ ਅਦਾਲਤ ਨੇ ਵੀ ਜਰਵਾਲ ਦੀ ਜ਼ਮਾਨਤ ਦੀ ਅਪੀਲ ਖਾਰਜ ਕਰ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਮੈਜਿਸਟਰੇਟ ਕੋਰਟ 'ਚ ਪਟੀਸ਼ਨ ਦਾਖਲ ਕੀਤੀ। ਇਸ ਤੋਂ ਬਾਅਦ ਦੋਹਾਂ ਨੇ ਹਾਈ ਕੋਰਟ ਦਾ ਵੀ ਰੁਖ ਕੀਤਾ। ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਅਜੇ ਬਾਕੀ ਹੈ।