ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ 'ਆਪ' ਨੇਤਾਵਾਂ ਨੇ ਰੱਖਿਆ ਸਮੂਹਿਕ ਵਰਤ
Sunday, Apr 07, 2024 - 12:16 PM (IST)
 
            
            ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਇਕ ਦਿਨ ਵਰਤ ਲਈ ਐਤਵਾਰ ਨੂੰ ਇੱਥੇ ਜੰਤਰ-ਮੰਤਰ 'ਤੇ ਇਕੱਠੇ ਹੋਏ। ਪਾਰਟੀ ਨੇਤਾਵਾਂ ਨੇ ਕਿਹਾ,''ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋਰ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ 'ਚ ਭਾਰਤੀਆਂ ਵਲੋਂ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਬੋਸਟਨ 'ਚ ਹਾਰਵਰਡ ਸਕੁਐਰ, ਲਾਸ ਏਂਜਿਲਸ 'ਚ ਹਾਲੀਵੁੱਡ ਸਾਈਨ, ਵਾਸ਼ਿੰਗਟਨ ਡੀਸੀ 'ਚ ਭਾਰਤੀ ਦੂਤਘਰ ਦੇ ਬਾਹਰ, ਨਿਊਯਾਰਕ ਟਾਈਮਜ਼ ਸਕੁਐਰ ਅਤੇ ਟੋਰਾਂਟੋ, ਲੰਡਨ ਅਤੇ ਮੈਲਬਰਨ 'ਚ ਹੋਰ ਸ਼ਾਮਲ ਹਨ।'' ਉਨ੍ਹਾਂ ਦੱਸਿਆ ਕਿ 'ਆਪ' ਸ਼ਾਸਿਤ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੇ ਪਿੰਡ ਖਟਕਰ ਕਲਾਂ 'ਚ ਸਮੂਹਿਕ ਵਰਤ 'ਚ ਸ਼ਾਮਲ ਹੋਏ।
ਦਿੱਲੀ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ, ਉੱਪ ਪ੍ਰਧਾਨ ਰਾਖੀ ਬਿਲਾ, ਮੰਤਰੀ ਆਤਿਸ਼ੀ, ਗੋਪਾਲ ਰਾਏ ਅਤੇ ਇਮਰਾਨ ਹੁਸੈਨ ਸਮੇਤ 'ਆਪ' ਦੇ ਕਈ ਸੀਨੀਅਰ ਨੇਤਾ ਸਵੇਰੇ 11 ਵਜੇ ਤੋਂ ਰਾਸ਼ਟਰੀ ਰਾਜਧਾਨੀ ਦੇ ਜੰਤਰ-ਮੰਤਰ 'ਤੇ ਦਿਨ ਭਰ ਦੇ 'ਸਮੂਹਿਕ ਵਰਤ' 'ਚ ਸ਼ਾਮਲ ਹੋਏ। 'ਆਪ' ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਲੋਕਾਂ ਤੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਵਰਤ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਘਪਲਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਆਪ' ਨੂੰ ਖ਼ਤਮ ਕਰਨ ਦੀ ਭਾਜਪਾ ਦੀ ਸਾਜਿਸ਼ ਦਾ ਹਿੱਸਾ ਸੀ। ਕੇਜਰੀਵਾਲ 15 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            