''ਚੰਗੇ ਲੋਕਾਂ'' ਲਈ ਖੁੱਲ੍ਹੇ ਹਨ ਆਮ ਆਦਮੀ ਪਾਰਟੀ ਦੇ ਦੁਆਰ : ਆਤਿਸ਼ੀ

Tuesday, Mar 03, 2020 - 10:56 AM (IST)

''ਚੰਗੇ ਲੋਕਾਂ'' ਲਈ ਖੁੱਲ੍ਹੇ ਹਨ ਆਮ ਆਦਮੀ ਪਾਰਟੀ ਦੇ ਦੁਆਰ : ਆਤਿਸ਼ੀ

ਪਣਜੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਆਤਿਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਦੂਜੇ ਸਿਆਸੀ ਦਲਾਂ ਦੇ ਚੰਗੇ ਲੋਕਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਨ 'ਚ ਕੋਈ ਪਰਹੇਜ਼ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੋਈ ਭ੍ਰਿਸ਼ਟ ਅਤੇ ਅਪਰਾਧਕ ਪਿੱਠਭੂਮੀ ਨਾ ਹੋਵੇ। ਦਰਅਸਲ ਆਤਿਸ਼ੀ ਪਾਰਟੀ ਦੇ ਆਧਾਰ ਨੂੰ ਮਜ਼ਬੂਤੀ ਦੇਣ ਲਈ ਗੋਆ 'ਚ ਸੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਬਦਲ ਦੇ ਤੌਰ 'ਤੇ ਉਭਰਨਾ ਅਤੇ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। 

ਦੱਖਣੀ ਦਿੱਲੀ ਦੀ ਕਾਲਕਾਜੀ ਸੀਟ ਤੋਂ ਵਿਧਾਇਕ ਆਤਿਸ਼ੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਤੋਂ ਕਹਿੰਦੇ ਆਏ ਹਾਂ ਕਿ ਸਾਡੇ ਦਰਵਾਜ਼ੇ ਹੋਰ ਸਿਆਸੀ ਦਲਾਂ ਦੇ ਚੰਗੇ ਲੋਕਾਂ ਲਈ ਖੁੱਲ੍ਹੇ ਹੋਏ ਹਨ। ਇਹ ਕਹਿਣਾ ਹੰਕਾਰ ਹੋਵੇਗਾ ਕਿ ਆਮ ਆਦਮੀ ਪਾਰਟੀ 'ਚ ਹੀ ਚੰਗੇ ਲੋਕ ਹਨ। ਆਤਿਸ਼ੀ ਨੇ ਕਿਹਾ ਕਿ ਹੋਰ ਸਿਆਸੀ ਦਲਾਂ 'ਚ ਵੀ ਬਹੁਤ ਸਾਰੇ ਚੰਗੇ ਲੋਕ ਹਨ। ਸਾਡੇ ਦੁਆਰ ਉਨ੍ਹਾਂ ਹੋਰ ਸਿਆਸੀ ਦਲਾਂ ਦੇ ਨੇਤਾਵਾਂ ਅਤੇ ਸਵੈ-ਸੇਵਕਾਂ ਲਈ ਖੁੱਲ੍ਹੇ ਹਨ, ਜਿਨ੍ਹਾਂ ਨੇ ਜਨਤਾ ਦੇ ਮੁੱਦਿਆਂ ਲਈ ਸੰਘਰਸ਼ ਕੀਤਾ ਹੈ। ਆਤਿਸ਼ੀ ਨੇ ਇਹ ਵੀ ਕਿਹਾ ਕਿ ਪਾਰਟੀ ਨੇ 2017 ਦੇ ਗੋਆ ਵਿਧਾਨ ਸਭਾ ਚੋਣਾਂ ਤੋਂ ਸਬਕ ਸਿੱਖਿਆ ਹੈ।

ਦੱਸਣਯੋਗ ਹੈ ਕਿ 2017 ਦੀਆਂ ਗੋਆ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਕੁੱਲ 40 'ਚੋਂ 39 ਸੀਟਾਂ 'ਤੇ ਉਮੀਦਵਾਰ ਉਤਾਰੇ ਸਨ ਪਰ ਉਸ ਨੂੰ ਇਕ ਵੀ ਸੀਟ 'ਤੇ ਜਿੱਤ ਹਾਸਲ ਨਹੀਂ ਹੋਈ ਅਤੇ ਜ਼ਿਆਦਾਤਰ ਸੀਟਾਂ 'ਤੇ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ।


author

Tanu

Content Editor

Related News