ਕੇਜਰੀਵਾਲ ਨੇ ਦਿੱਲੀ ''ਚ ਵਧਦੇ ਅਪਰਾਧ ਨੂੰ ਲੈ ਕੇ ਭਾਜਪਾ ਅਤੇ ਅਮਿਤ ਸ਼ਾਹ ''ਤੇ ਵਿੰਨ੍ਹਿਆ ਨਿਸ਼ਾਨਾ

Monday, Dec 02, 2024 - 06:00 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਦਿੱਲੀ 'ਚ 'ਜੰਗਲ ਰਾਜ' ਹੈ ਅਤੇ ਇੱਥੇ ਦੇ ਲੋਕਾਂ ਨੇ ਅਪਰਾਧ 'ਚ ਇਸ ਤਰ੍ਹਾਂ ਦਾ ਵਾਧਾ ਕਦੇ ਨਹੀਂ ਦੇਖਿਆ। ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਨਾਰਾਇਣਾ 'ਚ ਇਕ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਸ ਦੇ 2 ਮੈਂਬਰਾਂ ਦਾ 6 ਮਹੀਨੇ ਦੇ ਅੰਤਰਾਲ 'ਚ ਅਪਰਾਧੀਆਂ ਨੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਾਲ 'ਚ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਉਸ ਨੇ ਸਥਾਨਕ ਅਪਰਾਧੀਆਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦੇ ਡਰ ਕਾਰਨ ਪੁਲਸ 'ਚ ਸ਼ਿਕਾਇਤ ਕੀਤੀ ਸੀ। ਕੇਜਰੀਵਾਲ ਨੇ ਕਿਹਾ ਕਿ 6 ਮਹੀਨੇ ਪਹਿਲਾਂ ਇਸ ਨੌਜਵਾਨ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ,''ਦਿੱਲੀ ਦੇ ਲੋਕਾਂ ਨੇ ਕਦੇ ਵੀ ਅਜਿਹੀ ਅਰਾਜਕਤਾ ਅਤੇ ਜੰਗਲ ਰਾਜ ਦਾ ਦੌਰ ਨਹੀਂ ਦੇਖਿਆ। ਕੋਈ ਵੀ ਕਿਸੇ ਦਾ ਵੀ ਕਤਲ ਕਰ ਸਕਦਾ ਹੈ। ਜਦੋਂ ਇਹ ਪਤਾ ਸੀ ਕਿ ਜਿਹੜੇ ਲੋਕਾਂ ਨੇ ਪਰਿਵਾਰ ਦੇ ਇਕ ਮੈਂਬਰ ਨੂੰ ਮਾਰਿਆ, ਉਹ ਕਿਸੇ ਹੋਰ ਨੂੰ ਵੀ ਮਾਰ ਸਕਦੇ ਹਨ ਤਾਂ ਉਨ੍ਹਾਂ ਨੂੰ ਰੋਕਣ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?''

ਕੇਜਰੀਵਾਲ ਨੇ ਭਾਜਪਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਮਹੱਈਆ ਕਰਵਾਉਣ ਦੀ ਅਪੀਲ ਕੀਤੀ ਜੋ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ (ਆਪ) ਰਾਸ਼ਟਰੀ ਰਾਜਧਾਨੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਮੁੱਦਾ ਚੁੱਕ ਰਹੀ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰੀ 'ਤੇ ਹਮਲਾ ਬੋਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪੂਰਾ ਨਾਰਾਇਣਾ ਇਲਾਕਾ ਸਥਾਨਕ ਅਪਰਾਧੀਆਂ ਦੇ ਇਕ ਅਜਿਹੇ ਗਿਰੋਹ ਬਾਰੇ ਜਾਣਦਾ ਹੈ ਜੋ ਨਿਵਾਸੀਆਂ ਨੂੰ ਡਰਾਉਂਦੇ ਹਨ ਪਰ ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ,''ਕੱਲ੍ਹ ਦਿੱਲੀ 'ਚ ਤਿੰਨ ਕਤਲ ਹੋਏ। ਭਾਜਪਾ ਅਤੇ ਸ਼ਾਹ ਨੇ ਸ਼ਹਿਰ ਨੂੰ ਗੁੰਡਿਆਂ ਅਤੇ ਬਦਮਾਸ਼ਾਂ ਦੇ ਭਰੋਸੇ ਛੱਡ ਦਿੱਤਾ ਹੈ।'' ਭਾਜਪਾ ਨੇ ਕੇਜਰੀਵਾਲ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ 'ਆਪ' ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਅਸਫ਼ਲਤਾਵਾਂ ਤੋਂ ਧਿਆਨ ਹਟਾਉਣ ਲਈ ਅਪਰਾਧਕ ਘਟਨਾਵਾਂ ਦਾ ਹਵਾਲਾ ਦੇ ਕੇ ਕਾਨੂੰਨ-ਵਿਵਸਥਾ ਦਾ ਮੁੱਦਾ ਚੁੱਕ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News