ਭਗਵਾਨ ਗਣੇਸ਼ ਦਾ ਵੀ ਬਣਾਇਆ ਗਿਆ ਆਧਾਰ ਕਾਰਡ, ਜਨਮ ਤਾਰੀਖ਼ ਦੇ ਨਾਲ ਜਾਣੋ ‘ਬੱਪਾ’ ਦਾ ਪੂਰਾ ਪਤਾ
Thursday, Sep 01, 2022 - 05:08 PM (IST)
ਜਮਸ਼ੇਦਪੁਰ- ਦੇਸ਼ ਭਰ ’ਚ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਝਾਰਖੰਡ ਦੇ ਜਮਸ਼ੇਦਪੁਰ ’ਚ ਗਣੇਸ਼ ਉਤਸਵ ਦੌਰਾਨ ਇਕ ਤੋਂ ਵੱਧ ਕੇ ਇਕ ਪੂਜਾ ਪੰਡਾਲ ਬਣਾਏ ਗਏ ਹਨ। ਇਸ ਪੂਜਾ ਪੰਡਾਲ ’ਚ ਭਗਵਾਨ ਗਣੇਸ਼ ਨੂੰ ਆਧਾਰ ਕਾਰਡ ਦੇ ਰੂਪ ’ਚ ਸਜਾਇਆ ਗਿਆ ਹੈ। ਆਧਾਰ ਕਾਰਡ ’ਤੇ ਭਗਵਾਨ ਗਣੇਸ਼ ਦੀ ਫੋਟੋ ਨਾਲ ਪਤਾ ਅਤੇ 6ਵੀਂ ਸ਼ਤਾਬਦੀ ਦੌਰਾਨ ਉਨ੍ਹਾਂ ਦੀ ਜਨਮ ਤਾਰੀਖ਼ ਦੀ ਜਾਣਕਾਰੀ ਦਿੱਤੀ ਗਈ ਹੈ। ਆਧਾਰ ਕਾਰਡ ’ਚ ਇਕ ਕੱਟ-ਆਫ਼ ਬਣਿਆ ਹੋਇਆ ਹੈ, ਜਿਸ ਦੇ ਅੰਦਰ ਬੱਪਾ ਦੀ ਮੂਰਤੀ ਰੱਖੀ ਹੈ।
ਇਸ ਆਧਾਰ ’ਤੇ ਦਿੱਤਾ ਗਿਆ ਪਤਾ ਸ਼੍ਰੀ ਗਣੇਸ਼ ਪੁੱਤਰ ਮਹਾਦੇਵ, ਕੈਲਾਸ਼ ਪਰਬਤ, ਨੇੜੇ, ਮਾਨਸਰੋਵਰ, ਝੀਲ, ਕੈਲਾਸ਼ ਪਿਨਕੋਡ- 000001 ਅਤੇ ਜਨਮ ਦਾ ਸਾਲ 01/01/600 ਸੀਈ ਹੈ। ਇਸ ਗਣੇਸ਼ ਪੰਡਾਲ ਦੇ ਆਯੋਜਕ ਸਰਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਆਧਾਰ ਕਾਰਡ-ਥੀਮ ਵਾਲੇ ਪੰਡਾਲ ਨੂੰ ਕੋਲਕਾਤਾ ਜਾਣ ਮਗਰੋਂ ਜਿੱਥੇ ਇਕ ਫੇਸਬੁੱਕ ਥੀਮ ਪੰਡਾਲ ਬਣਾਇਆ ਗਿਆ ਸੀ, ਉਸ ਨੂੰ ਵੇਖਣ ਕੇ ਇਹ ਬਣਾਉਣ ਦਾ ਵਿਚਾਰ ਆਇਆ। ਕਈ ਲੋਕਾਂ ਨੂੰ ਅਨੋਖੇ ਥੀਮ ਵਾਲੇ ਗਣੇਸ਼ ਪੰਡਾਲ ਦਾ ਆਨੰਦ ਲੈਂਦੇ ਹੋਏ ਇਸ ਨਾਲ ਆਪਣੀਆਂ ਤਸਵੀਰਾਂ ਅਤੇ ਸੈਲਫ਼ੀ ਲੈਂਦੇ ਹੋਏ ਵੀ ਵੇਖਿਆ ਗਿਆ।
ਕੁਮਾਰ ਦਾ ਉਦੇਸ਼ ਆਪਣੇ ਅਨੋਖੇ ਪੰਡਾਲ ਜ਼ਰੀਏ ਇਕ ਮਹੱਤਵਪੂਰਨ ਸੰਦੇਸ਼ ਦੇਣਾ ਵੀ ਹੈ। ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਲੋਕਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਹ ਇਸ ਨੂੰ ਜਲਦੀ ਤੋਂ ਜਲਦੀ ਬਣਵਾ ਲੈਣ ਕਿਉਂਕਿ ਇਹ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਉਨ੍ਹਾਂ ਨੇ ਕਿਹਾ ਕਿ ਜੇ ਭਗਵਾਨ ਕੋਲ ਆਧਾਰ ਕਾਰਡ ਹੋ ਸਕਦਾ ਹੈ, ਤਾਂ ਸ਼ਾਇਦ ਜਿਨ੍ਹਾਂ ਲੋਕਾਂ ਨੇ ਆਪਣਾ ਆਧਾਰ ਕਾਰਡ ਨਹੀਂ ਬਣਾਇਆ ਹੈ, ਉਹ ਪ੍ਰੇਰਿਤ ਹੋ ਸਕਦੇ ਹਨ।