ਨਿਯਮਾਂ ਤੋਂ ਬਿਨਾਂ ਦੁਨੀਆ ਉਸੇ ਤਰ੍ਹਾਂ ਦੀ ਹੀ ਹੈ ਜਿਵੇਂ ਬਿਨਾਂ ਟ੍ਰੈਫਿਕ ਲਾਈਟ ਵਾਲਾ ਚੌਕ : ਜਿਨਪਿੰਗ
Monday, Sep 14, 2026 - 01:20 PM (IST)
ਨਵੀਂ ਦਿੱਲੀ (ਏਜੰਸੀ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਕਸ ਨੂੰ ਸਪਲਾਈ ਲੜੀ ਸੁਰੱਖਿਅਤ ਰੱਖਣ ਅਤੇ ਇਕ ਵੱਡਾ ਏਕੀਕ੍ਰਿਤ ਬਾਜ਼ਾਰ ਬਣਾਉਣ ਲਈ ਉੱਭਰਦੇ ਬਾਜ਼ਾਰਾਂ ਅਤੇ ‘ਗਲੋਬਲ ਸਾਊਥ’ ਦੇ ਨਾਲ ਆਪਣੇ ਕਰੀਬੀ ਰਿਸ਼ਤਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ। ਜਿਨਪਿੰਗ ਨੇ ਵਪਾਰ, ਨਿਰਮਾਣ, ਨਿਵੇਸ਼ ਅਤੇ ਟੈਕਨਾਲੋਜੀ ’ਚ ਸਹਿਯੋਗ ਨੂੰ ਉਤਸ਼ਾਹ ਦੇਣ ਲਈ 5 ਸੂਤਰੀ ਪਹਿਲ ਦਾ ਪ੍ਰਸਤਾਵ ਵੀ ਰੱਖਿਆ। ਜਿਨਪਿੰਗ ਨੇ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ‘ਗਲੋਬਲ ਸਾਊਥ ਲਈ ਏਕਤਾ ਜ਼ਰੀਏ ਮਜ਼ਬੂਤੀ ਦਾ ਇਕ ਨਵਾਂ ਅਧਿਆਏ’ ਲਿਖਣ ਦੀ ਦਿਸ਼ਾ ’ਚ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਦਰਸਾਇਆ ਕਿ ‘ਡਾਢੇ ਦਾ ਸੱਤੀਂ ਵੀਹੀਂ ਸੌ’ ਵਾਲੀ ਸੋਚ ਨੂੰ ਬਹੁਤ ਪਹਿਲਾਂ ਹੀ ਤਿਆਗ ਦਿੱਤਾ ਜਾਣਾ ਚਾਹੀਦਾ ਸੀ।
ਜਿਨਪਿੰਗ ਨੇ ਕਿਹਾ, ‘‘ਬਿਨਾਂ ਨਿਯਮਾਂ ਵਾਲੀ ਦੁਨੀਆ ਉਸੇ ਤਰ੍ਹਾਂ ਦੀ ਹੀ ਹੈ ਜਿਵੇਂ ਬਿਨਾਂ ਟ੍ਰੈਫਿਕ ਲਾਈਟ ਵਾਲਾ ਚੌਕ, ਜਿੱਥੇ ਹਫੜਾ-ਦਫੜੀ ਅਤੇ ਅਵਿਵਸਥਾ ਲੱਗਭਗ ਤੈਅ ਹੈ। ਨਿਰਪੱਖਤਾ ਅਤੇ ਨਿਆਂ ਹਰ ਕੋਈ ਚਾਹੁੰਦਾ ਹੈ ਅਤੇ ਅੰਤਰਰਾਸ਼ਟਰੀ ਨਿਯਮ ਸਾਰੇ ਦੇਸ਼ਾਂ ਨੂੰ ਮਿਲ ਕੇ ਬਣਾਉਣੇ ਚਾਹੀਦੇ ਹਨ।’’ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ‘ਗਲੋਬਲ ਸਾਊਥ’ ਦੇ ਦੇਸ਼ਾਂ ਨੂੰ ਮਿਲ ਕੇ ‘ਅੰਤਰਰਾਸ਼ਟਰੀ ਮਾਮਲਿਆਂ ’ਚ ਕਾਨੂੰਨ ਦੇ ਸ਼ਾਸਨ ਦੀ ਰੱਖਿਆ ਕਰਨੀ ਚਾਹੀਦੀ ਹੈ, ਅੰਤਰਰਾਸ਼ਟਰੀ ਸਬੰਧਾਂ ਦੇ ਬੁਨਿਆਦੀ ਨਿਯਮਾਂ- ਜਿਵੇਂ ਪ੍ਰਭੂਸੱਤਾ ਬਰਾਬਰੀ, ਅੰਦਰੂਨੀ ਮਾਮਲਿਆਂ ’ਚ ਦਖਲ ਨਾ ਦੇਣਾ ਅਤੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ- ਦੀ ਸੁਰੱਖਿਆ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਨਿਯਮ ਸਾਰਿਆਂ ’ਤੇ ਲਾਗੂ ਹੋਣ।’’
ਚੀਨੀ ਰਾਸ਼ਟਰਪਤੀ ਨੇ ਕਾਨੂੰਨ ਆਧਾਰਿਤ ਵਿਸ਼ਵ ਦੇ ਸੰਦਰਭ ’ਚ ‘ਦੋਹਰੇ ਮਾਪਦੰਡਾਂ’ ਨੂੰ ਛੱਡਣ ਦੀ ਲੋੜ ਦੱਸਿਆ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਪੱਛਮੀ ਤਾਕਤਾਂ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ।
ਜਿਨਪਿੰਗ ਨੇ ਬ੍ਰਿਕਸ ਸਹਿਯੋਗ ਨੂੰ ਵਧਾਉਣ ਲਈ 5 ਸੂਤਰੀ ਪਹਿਲ ਦਾ ਪ੍ਰਸਤਾਵ ਕੀਤਾ ਜੋ ਇਕ ਸਮਾਵੇਸ਼ੀ ਆਰਟੀਫਗਸ਼ੀਅਲ ਇੰਟੈਲੀਜੈਂਸ (ਏ. ਆਈ.) ਢਾਂਚਾ ਬਣਾਉਣ, ਵਪਾਰ ਅਤੇ ਨਿਵੇਸ਼ ਨੂੰ ਸੌਖਾਲਾ ਬਣਾਉਣ, ਡਿਜੀਟਲ ਉਦਯੋਗ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ‘ਇੰਟੈਲੀਜੈਂਟ ਮੈਨੂਫੈਕਚਰਿੰਗ’ ਨੂੰ ਅੱਗੇ ਵਧਾਉਣ ਅਤੇ ਵਿਗਿਆਨ ਤੇ ਟੈਕਨਾਲੋਜੀ ਦੇ ਵਿਕਾਸ ਲਈ ਇਕ ਸਾਂਝੀ ਪਹਿਲ ’ਤੇ ਕੇਂਦ੍ਰਿਤ ਹੈ।
