ਤੇਜ਼ ਰਫ਼ਤਾਰ ਕਾਰ ਨੇ ਮਾਸੂਮ ਨੂੰ ਦਰੜਿਆ, ਹਸਪਤਾਲ ''ਚ ਰੋਂਦੇ-ਕੁਰਲਾਉਂਦੇ ਰਹਿ ਗਏ ਮਾਪੇ
Saturday, Jan 11, 2025 - 10:13 AM (IST)
ਪਾਨੀਪਤ- ਤੇਜ਼ ਰਫ਼ਤਾਰ ਕਾਰ ਨੇ 2 ਸਾਲ ਦੀ ਮਾਸੂਮ ਬੱਚੀ ਨੂੰ ਕੁਚਲ ਦਿੱਤਾ। ਕਾਰ ਦਾ ਟਾਇਰ ਬੱਚੀ ਦੇ ਸਿਰ ਦੇ ਉੱਪਰੋਂ ਲੰਘ ਗਿਆ। ਗੰਭੀਰ ਹਾਲਤ ਵਿਚ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਪਰਿਵਾਰ ਦੇ ਬਿਆਨ ਦਰਜ ਕਰਵਾ ਕੇ ਲਾਸ਼ ਨੂੰ ਪੋਸਟਮਾਰਟਮ ਲਈ ਰੱਖਵਾ ਦਿੱਤਾ। ਇਹ ਘਟਨਾ ਹਰਿਆਣਾ ਦੇ ਪਾਨੀਪਤ ਦੀ ਹੈ।
ਮ੍ਰਿਤਕ ਬੱਚੀ ਦੀ ਪਛਾਣ ਦੋ ਸਾਲ ਦੀ ਅਨੁਸ਼ਕਾ ਪਿੰਡ ਭੈਂਸਵਾਲ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਬੱਚੀ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਉਹ ਯੂ. ਪੀ. ਦੇ ਰਹਿਣ ਵਾਲੇ ਹਨ। ਉਸ ਨੇ ਦੱਸਿਆ ਕਿ ਉਹ ਪਾਨੀਪਤ ਵਿਚ ਆਪਣੇ ਪਿਤਾ ਦਾ ਹਾਲ ਜਾਣਨ ਪਹੁੰਚੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੈਰ ਵਿਚ ਫਰੈਕਚਰ ਹੋ ਗਿਆ ਸੀ।
ਸ਼ੁੱਕਰਵਾਰ ਨੂੰ ਉਨ੍ਹਾਂ ਦਾ ਪਰਿਵਾਰ ਭੈਂਸਵਾਲ ਪਿੰਡ ਤੋਂ ਕੱਚੇ ਰਸਤਿਓਂ ਪੈਦਲ ਪਾਨੀਪਤ ਵੱਲ ਆ ਰਿਹਾ ਸੀ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਅਨੁਸ਼ਕਾ ਵੀ ਚੱਲ ਰਹੀ ਸੀ। ਤੇਜ਼ ਰਫ਼ਤਾਰ ਗੱਡੀ ਨੇ ਉਸ ਦੀ ਧੀ ਨੂੰ ਟੱਕਰ ਮਾਰ ਦਿੱਤੀ। ਮਾਂ ਨੇ ਦੱਸਿਆ ਕਿ ਟੱਕਰ ਮਗਰੋਂ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਕਾਰ ਡਰਾਈਵਰ ਨੇ ਖ਼ੁਦ ਗੱਡੀ ਤੋਂ ਧੀ ਨੂੰ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਵਿਚ ਧੀ ਨੂੰ ਮ੍ਰਿਤਕ ਐਲਾਨ ਕਰਨ ਮਗਰੋਂ ਕਾਰ ਨੂੰ ਹਸਪਤਾਲ ਵਿਚ ਛੱਡ ਕੇ ਉਹ ਫਰਾਰ ਹੋ ਗਿਆ। ਪੁਲਸ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਦੇ ਬਿਆਨ ਦਰਜ ਕੀਤੇ ਹਨ। ਫਿਲਹਾਲ ਮਾਮਲੇ ਦੀ ਆਗਾਮੀ ਕਾਰਵਾਈ ਕਰ ਰਹੀ ਹੈ।