ਸਰਕਾਰੀ ਸਕੂਲ ''ਚ 6 ਸਾਲਾ ਮਾਸੂਮ ਜਮਾਤ ''ਚ ਰਹਿ ਗਿਆ ਬੰਦ, ਪ੍ਰਿੰਸੀਪਲ ਮੁਅੱਤਲ
Wednesday, Aug 07, 2024 - 06:15 PM (IST)
ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਇਕ 6 ਸਾਲਾ ਦਲਿਤ ਬੱਚੇ ਨੂੰ ਕਥਿਤ ਤੌਰ 'ਤੇ ਕੁਝ ਅਧਿਆਪਕਾਂ ਨੇ ਟਾਇਲਟ ਸਾਫ਼ ਕਰਨ ਲਈ ਮਜ਼ਬੂਰ ਕੀਤਾ ਅਤੇ ਵਿਦਿਆਰਥੀ ਨੂੰ ਕਲਾਸਰੂਮ 'ਚ ਬੰਦ ਪਾਇਆ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਢਲੀ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਜਾਨਸਾਠ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਹਿਲੀ ਜਮਾਤ ਦੀ ਵਿਦਿਆਰਥੀ ਨੂੰ ਜਮਾਤ 'ਚ ਬੰਦ ਪਾਇਆ ਗਿਆ ਅਤੇ ਅਜਿਹਾ ਪ੍ਰਿੰਸੀਪਲ ਸੰਧਿਆ ਜੈਨ ਅਤੇ 'ਕਲਾਸ ਟੀਚਰ' ਰਵਿਤਾ ਰਾਣੀ ਦੀ ਕਥਿਤ ਅਣਗਹਿਲੀ ਕਾਰਨ ਹੋਇਆ। ਇਸ ਸਬੰਧੀ ਬੱਚੇ ਦੀ ਮਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਸ ਨੇ ਦੋਸ਼ ਲਾਇਆ ਹੈ ਕਿ ਦੋਵੇਂ ਅਧਿਆਪਕ ਉਸ ਦੇ ਪੁੱਤਰ ਨੂੰ ਪਖਾਨੇ ਸਾਫ਼ ਕਰਨ ਲਈ ਮਜ਼ਬੂਰ ਕਰਦੀਆਂ ਸਨ ਕਿਉਂਕਿ ਉਹ ਦਲਿਤ ਬੱਚਿਆਂ ਨੂੰ ‘ਨਫ਼ਰਤ’ ਕਰਦੀਆਂ ਹਨ। ਬੱਚੇ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਅਧਿਆਪਕਾਂ ਦੀ ਅਣਗਹਿਲੀ ਕਾਰਨ ਉਸ ਦਾ ਪੁੱਤਰ ਸਕੂਲ ਬੰਦ ਹੋਣ ਤੋਂ ਬਾਅਦ ਇਕ ਘੰਟੇ ਤੋਂ ਵੱਧ ਸਮਾਂ ਜਮਾਤ 'ਚ ਬੰਦ ਰਿਹਾ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਟਾ ਸਕੂਲ ਬੰਦ ਹੋਣ ਤੋਂ ਬਾਅਦ ਵੀ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਹੋਰ ਵਿਦਿਆਰਥੀਆਂ ਤੋਂ ਉਸ ਬਾਰੇ ਪੁੱਛਿਆ, ਜਿਨ੍ਹਾਂ ਨੇ ਅਣਜਾਣਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਕੂਲ ਪਹੁੰਚੀ ਤਾਂ ਸਕੂਲ ਬੰਦ ਸੀ ਅਤੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਪਿੰਡ ਵਾਸੀ ਅਤੇ ਪਰਿਵਾਰ ਦੇ ਲੋਕਾਂ ਨੇ ਪ੍ਰਿੰਸੀਪਲ ਨੂੰ ਬੁਲਾਇਆ। ਬਾਅਦ 'ਚ, ਅਧਿਆਪਕਾ ਰਵਿਤਾ ਰਾਣੀ ਦਾ ਪਤੀ ਚਾਬੀ ਲੈ ਕੇ ਸਕੂਲ ਪਹੁੰਚਿਆ ਅਤੇ ਦਰਵਾਜ਼ਾ ਖੋਲ੍ਹਿਆ। ਰਾਣੀ ਦੇ ਪਤੀ ਨੇ ਦੱਸਿਆ ਕਿ ਬੱਚਾ ਜਮਾਤ 'ਚ ਸ਼ਾਇਦ ਸੌਂ ਗਿਆ ਹੋਵੇਗਾ। ਇਸ ਵਿਚ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ (ਬੀ.ਐੱਸ.ਏ.) ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਧਿਆਪਕਾ ਰਵਿਤਾ ਰਾਣੀ ਦੀ ਸਰਵਿਸ ਬੁੱਕ 'ਚ ਗਲਤ ਐਂਟਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਬਲਾਕ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ 2 ਮੈਂਬਰੀ ਕਮੇਟੀ ਇਸ ਮਾਮਲੇ ਦੀ ਜਾਂਚ ਕਰਕੇ ਤਿੰਨ ਦਿਨਾਂ 'ਚ ਆਪਣੀ ਰਿਪੋਰਟ ਦੇਵੇਗੀ। ਕੁਮਾਰ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਸਕੂਲ ਬੰਦ ਕਰਨ ਤੋਂ ਪਹਿਲਾਂ ਕਲਾਸਰੂਮਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਸ ਨਾਲ 'ਬੇਇਨਸਾਫ਼ੀ' ਹੋਈ ਹੈ ਕਿਉਂਕਿ ਇਸ ਘਟਨਾ ਲਈ ਕਲਾਸ ਟੀਚਰ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ,"ਜੇਕਰ ਬੱਚਾ ਸੌਂ ਰਿਹਾ ਸੀ, ਤਾਂ ਉਸ ਨੂੰ ਕਲਾਸ ਬੰਦ ਕਰਨ ਤੋਂ ਪਹਿਲਾਂ ਜਾਂਚ ਕਰਨੀ ਚਾਹੀਦੀ ਸੀ।" ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8