ਹੁਣ 8 ਤੋਂ 16 ਹਫ਼ਤਿਆਂ ਦਰਮਿਆਨ ਲੱਗ ਸਕਦੀ ਹੈ ਕੋਵਿਸ਼ੀਲਡ ਦੀ ਦੂਜੀ ਖੁਰਾਕ, NTAGI ਨੇ ਕੀਤੀ ਸਿਫ਼ਾਰਿਸ਼
Monday, Mar 21, 2022 - 10:49 AM (IST)
ਨਵੀਂ ਦਿੱਲੀ- ਟੀਕਾਕਰਨ ’ਤੇ ਭਾਰਤ ਦੀ ਚੋਟੀ ਦੀ ਸੰਸਥਾ ਐੱਨ. ਟੀ. ਏ. ਜੀ. ਆਈ. ਨੇ ਕੋਵਿਡ-19 ਰੋਕੂ ਟੀਕੇ ਕੋਵਿਸ਼ੀਲਡ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਦੇ 8 ਤੋਂ 16 ਹਫ਼ਤੇ ਦੇ ਵਿਚਾਲੇ ਦੇਣ ਦੀ ਸਿਫਾਰਿਸ਼ ਕੀਤੀ ਹੈ। ਅਧਿਕਾਰਿਕ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਜੂਦਾ ’ਚ ਕੋਵਿਸ਼ੀਲਡ ਦੀ ਦੂਜੀ ਖੁਰਾਕ ਰਾਸ਼ਟਰੀ ਕੋਵਿਡ-19 ਟੀਕਾਕਰਨ ਰਣਨੀਤੀ ਦੇ ਤਹਿਤ ਪਹਿਲੀ ਖੁਰਾਕ ਦੇ 12-16 ਹਫ਼ਤੇ ਦੇ ਦਰਮਿਆਨ ਦਿੱਤੀ ਜਾਂਦੀ ਹੈ। ਟੀਕਾਕਰਨ ’ਤੇ ‘ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ’ (ਐੱਨ. ਟੀ. ਏ. ਜੀ. ਆਈ.) ਨੇ ਹੁਣ ਤੱਕ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਦੀ ਖੁਰਾਕ ਦੇਣ ਦੀ ਮਿਆਦ ’ਚ ਕੋਈ ਬਦਲਾਅ ਦਾ ਸੁਝਾਅ ਨਹੀਂ ਦਿੱਤਾ ਹੈ, ਜਿਸ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 28 ਦਿਨ ਬਾਅਦ ਦਿੱਤੀ ਜਾਂਦੀ ਹੈ।
ਕੋਵਿਸ਼ੀਲਡ ਬਾਰੇ ਸਿਫਾਰਿਸ਼ ਨੂੰ ਹੁਣ ਤੱਕ ਰਾਸ਼ਟਰੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ’ਚ ਲਾਗੂ ਨਹੀਂ ਕੀਤਾ ਗਿਆ ਹੈ। ਇਕ ਅਧਿਕਾਰਕ ਸੂਤਰ ਨੇ ਕਿਹਾ, ‘‘ਐੱਨ. ਟੀ. ਏ. ਜੀ. ਆਈ. ਦੀ ਤਾਜ਼ਾ ਸਿਫਾਰਿਸ਼ ਪ੍ਰੋਗਰਾਮੈਟਿਕ ਡਾਟਾ ਤੋਂ ਪ੍ਰਾਪਤ ਤਾਜ਼ਾ ਗਲੋਬਲ ਵਿਗਿਆਨਿਕ ਸਬੂਤਾਂ ’ਤੇ ਆਧਾਰਿਤ ਹੈ।’’ ਸੂਤਰਾਂ ਨੇ ਕਿਹਾ, ‘‘ਇਸ ਦੇ ਅਨੁਸਾਰ, ਜਦੋਂ ਕੋਵਿਸ਼ੀਲਡ ਦੀ ਦੂਜੀ ਖੁਰਾਕ 8 ਹਫ਼ਤੇ ਬਾਅਦ ਦਿੱਤੀ ਜਾਂਦੀ ਹੈ ਤਾਂ ਪੈਦਾ ਐਂਟੀਬਾਡੀ ਪ੍ਰਤੀਕਿਰਿਆ ਲਗਭਗ 12 ਤੋਂ 16 ਹਫ਼ਤੇ ਦੇ ਵਕਫੇ ’ਤੇ ਖੁਰਾਕ ਦਿੱਤੇ ਜਾਣ ਦੇ ਮੁਤਾਬਕ ਹੁੰਦੀ ਹੈ।’’ ਸੂਤਰ ਨੇ ਕਿਹਾ ਕਿ ਕਈ ਦੇਸ਼ਾਂ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਦਰਮਿਆਨ ਇਸ ਫ਼ੈਸਲੇ ਨਾਲ ਬਾਕੀ 6 ਤੋਂ 7 ਕਰੋਡ਼ ਲੋਕਾਂ ਨੂੰ ਕੋਵਿਸ਼ੀਲਡ ਦੀ ਦੂਜੀ ਖੁਰਾਕ ਮਿਲ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ