ਤੇਜ਼ ਆਵਾਜ਼ ''ਚ ਸੰਗੀਤ ਵਜਾਉਣ ਨੂੰ ਲੈ ਕੇ ਹੋਏ ਵਿਵਾਦ ''ਚ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ
Tuesday, Oct 01, 2024 - 02:02 PM (IST)
 
            
            ਨਵੀਂ ਦਿੱਲੀ (ਭਾਸ਼ਾ)- ਦੁਆਰਕਾ ਦੇ ਮੋਹਨ ਨਗਰ ਇਲਾਕੇ 'ਚ ਉੱਚੀ ਆਵਾਜ਼ 'ਚ ਸੰਗੀਤ ਵਜਾਉਣ ਨੂੰ ਲੈ ਕੇ 2 ਕਿਰਾਏਦਾਰਾਂ ਵਿਚਾਲੇ ਹੋਏ ਝਗੜੇ 'ਚ ਦਖ਼ਲਅੰਦਾਜੀ ਕਰਨ 'ਤੇ ਇਮਾਰਤ ਦੀ ਦੇਖਭਾਲ ਕਰਨ ਵਾਲੇ 36 ਸਾਲਾ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਬਲੂ ਦੇ ਪੇਟ 'ਚ ਗੋਲੀ ਲੱਗੀ ਸੀ ਅਤੇ ਉਸ ਦੀ ਹਸਪਤਾਲ 'ਚ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,“ਸੋਮਵਾਰ ਦੇਰ ਰਾਤ ਮੋਹਨ ਗਾਰਡਨ ਪੁਲਸ ਸਟੇਸ਼ਨ ਨੂੰ ਕਤਲ ਦੇ ਸਬੰਧ 'ਚ ਇਕ ਹਸਪਤਾਲ ਤੋਂ ਪੀਸੀਆਰ (ਪੁਲਸ ਕੰਟਰੋਲ ਰੂਮ) ਕਾਲ ਆਈ। ਪੁਲਸ ਟੀਮ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਗੋਲੀ ਲੱਗਣ ਨਾਲ ਜ਼ਖ਼ਮੀ ਬੱਬਲੂ ਮਿਲਿਆ।'' ਅਧਿਕਾਰੀ ਨੇ ਦੱਸਿਆ ਕਿ ਬੱਬਲੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਦੀਨਦਿਆਲ ਉਪਾਧਿਆਏ ਹਸਪਤਾਲ 'ਚ ਰੱਖਿਆ ਗਿਆ ਹੈ।
ਪੁਲਸ ਅਨੁਸਾਰ, ਇਮਾਰਤ 'ਚ ਰਹਿਣ ਵਾਲਾ ਕਿਰਾਏਦਾਰ ਪੁਜਿਤ (27) ਤੇਜ਼ ਆਵਾਜ਼ 'ਚ ਸੰਗੀਤ ਵਜਾ ਰਿਹਾ ਸੀ, ਉਦੋਂ ਦੂਜੇ ਕਿਰਾਏਦਾਰ ਲਵਨੀਸ਼ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਅਧਿਕਾਰੀ ਨੇ ਕਿਹਾ,''ਬੀਤੀ ਰਾਤ ਦੋਹਾਂ ਪੱਖਾਂ 'ਚ ਝਗੜਾ ਹੋਇਆ, ਜਿਸ ਤੋਂ ਬਾਅਦ ਜਿਮ ਸਪਲੀਮੈਂਟ ਸਪਲਾਈਕਰਤਾ ਲਵਨੀਸ਼ ਅਤੇ ਉਸ ਦਾ ਚਚੇਰਾ ਭਰਾ ਅਮਨ ਪੁਜਿਤ ਨੂੰ ਛੱਤ 'ਤੇ ਲੈ ਗਏ।'' ਰੌਲਾ ਸੁਣ ਕੇ ਬੱਬਲੂ ਵੀ ਛੱਤ 'ਤੇ ਪਹੁੰਚਿਆ ਅਤੇ ਦੋਹਾਂ ਪੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ। ਅਧਿਕਾਰੀ ਨੇ ਦੱਸਿਆ ਕਿ ਅਮਨ ਕੋਲ ਪਿਸਤੌਲ ਸੀ। ਉਸ ਨੇ ਪਿਸਤੌਲ ਲਵਨੀਸ਼ ਨੂੰ ਦਿੱਤੀ, ਜਿਸ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਬੱਬਲੂ ਨੂੰ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਫੋਰੈਂਸਿਕ ਅਤੇ ਅਪਰਾਧ ਟੀਮਾਂ ਨੇ ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕੀਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            