ਗੈਂਗਸਟਰ ਅਮਰ ਨਾਇਕ ਦੇ ਗਿਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ, 23 ਸਾਲਾਂ ਤੋਂ ਸੀ ਫ਼ਰਾਰ

Wednesday, Nov 23, 2022 - 02:51 PM (IST)

ਗੈਂਗਸਟਰ ਅਮਰ ਨਾਇਕ ਦੇ ਗਿਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ, 23 ਸਾਲਾਂ ਤੋਂ ਸੀ ਫ਼ਰਾਰ

ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਗੈਂਗਸਟਰ ਅਮਰ ਨਾਇਕ ਦੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ 23 ਸਾਲਾਂ ਤੋਂ ਫਰਾਰ ਸੀ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਵਿੰਦਰ ਢੋਲੇ (50) ਨੂੰ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਜੁੰਨਰ ਤਾਲੁਕਾ ਦੇ ਵਿਠਲਵਾੜੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਢੋਲੇ ਜਦੋਂ 26 ਸਾਲ ਦਾ ਸੀ, ਉਦੋਂ ਉਸ ਨੂੰ 1998 'ਚ ਡਕੈਤੀ ਦੇ ਇਕ ਮਾਮਲੇ 'ਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 399 ਅਤੇ 402 ਅਤੇ ਅਸਲਾ ਐਕਟ ਦੇ ਪ੍ਰਬੰਧਾਂ ਤਹਿਤ ਡਕੈਤੀ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਇਕ ਸਾਲ ਬਾਅਦ ਹੀ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਸੁਣਵਾਈ ਲਈ ਪੇਸ਼ ਨਹੀਂ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ 'ਲੋੜੀਂਦਾ ਦੋਸ਼ੀ' ਐਲਾਨ ਕਰ ਦਿੱਤਾ ਸੀ ਅਤੇ ਸਥਾਨਕ ਪੁਲਸ ਨੂੰ ਉਸ ਨੂੰ ਉਸ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਸੀ।

ਅਧਿਕਾਰੀ ਨੇ ਦੱਸਿਆ ਕਿ ਜਦੋਂ ਰਫੀ ਅਹਿਮਦ ਕਿਦਵਈ ਮਾਰਗ ਥਾਣੇ ਦੇ ਕਰਮਚਾਰੀ ਦਾਦਰ ਸਥਿਤ ਉਸ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਉਸ ਨੂੰ ਵੇਚ ਕੇ ਜਾ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਕਈ ਰਿਕਾਰਡਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਵੀ ਪੁਲਸ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇੱਥੋਂ ਤੱਕ ਕਿ ਮੁਲਜ਼ਮ ਦੀ ਫੋਟੋ ਵੀ ਪੁਲਸ ਰਿਕਾਰਡ 'ਚ ਨਹੀਂ ਸੀ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੇ ਗਵਾਹ ਅਤੇ ਉਸ ਵਿਅਕਤੀ ਦੀ ਵੀ ਮੌਤ ਹੋ ਗਈ ਸੀ ਜਿਸ ਨੇ ਉਸ ਨੂੰ ਜ਼ਮਾਨਤ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਵਿਸ਼ੇਸ਼ ਟੀਮ ਬਣਾ ਕੇ ਉਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਖ਼ਰਕਾਰ ਉਸ ਨੂੰ ਪੁਣੇ ਦਿਹਾਤੀ ਖੇਤਰ ਦੇ ਵਿੱਠਲਵਾੜੀ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਗੈਂਗਸਟਰ ਅਮਰ ਨਾਇਕ ਕਰੀਬ ਦੋ ਦਹਾਕੇ ਪਹਿਲਾਂ ਪੁਲਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਸੀ। ਢੋਲੇ ਨਾਇਕ ਦੇ ਗਿਰੋਹ ਦਾ ਮੈਂਬਰ ਸੀ।


author

DIsha

Content Editor

Related News