PM ਮੋਦੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਦੋਸ਼ੀ ਦਿੱਲੀ ਤੋਂ ਗ੍ਰਿਫ਼ਤਾਰ, ਦੱਸੀ ਹੈਰਾਨ ਕਰਨ ਵਾਲੀ ਵਜ੍ਹਾ

Friday, Jun 04, 2021 - 06:52 PM (IST)

ਨਵੀਂ ਦਿੱਲੀ- ਪੁਲਸ ਕੰਟਰੋਲ ਰੂਮ (ਪੀ.ਸੀ.ਆਰ.) 'ਚ ਫੋਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 22 ਸਾਲਾ ਸ਼ਖਸ ਨੂੰ ਉੱਤਰ-ਪੂਰਬੀ ਦਿੱਲੀ ਦੇ ਖਜ਼ੂਰੀ ਖਾਸ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਦੋਸ਼ੀ ਦੀ ਪਛਾਣ ਸਲਮਾਨ ਉਰਫ਼ ਅਰਮਾਨ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਇਸ ਲਈ ਫ਼ੋਨ ਕੀਤਾ, ਕਿਉਂਕਿ ਉਹ ਜੇਲ੍ਹ ਜਾਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਉਸ ਨੂੰ ਬਾਲ ਸੁਧਾਰ ਗ੍ਰਹਿ ਤੋਂ ਰਿਹਾਅ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਉਸ ਨੂੰ 2018 'ਚ ਕਤਲ ਦੇ ਇਕ ਮਾਮਲੇ 'ਚ ਇੱਥੇ ਭੇਜਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਵੀਰਵਾਰ ਅੱਧੀ ਰਾਤ ਨੂੰ 112 ਨੰਬਰ 'ਤੇ ਪੀ.ਸੀ.ਆਰ. ਨੂੰ ਫ਼ੋਨ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਨੰਬਰ ਤੋਂ ਫ਼ੋਨ ਆਇਆ ਸੀ, ਉਸ ਦਾ ਤੁਰੰਤ ਪਤਾ ਲਗਾ ਲਿਆ ਗਿਆ ਅਤੇ ਜ਼ਿਲ੍ਹਾ ਪੁਲਸ ਇਕਾਈ ਨਾਲ ਨੰਬਰ ਸਾਂਝਾ ਕੀਤਾ ਗਿਆ, ਜਿਸ ਨੇ ਫ਼ੋਨ ਕਰਨ ਵਾਲੇ ਵਿਅਕਤੀ ਦੇ ਖਜ਼ੂਰੀ ਖਾਸ 'ਚ ਹੋਣ ਦਾ ਪਤਾ ਲਗਾਇਆ। ਸ਼ੁਰੂਆਤੀ ਜਾਂਚ ਅਨੁਸਾਰ, ਸਲਮਾਨ ਫ਼ੋਨ ਕਰਨ ਦੇ ਸਮੇਂ ਨਸ਼ੇ 'ਚ ਸੀ। ਉਸ ਦੇ ਪਿਤਾ ਨੇ ਰਾਤ ਕਰੀਬ 10 ਵਜੇ ਉਸ ਨੂੰ ਝਿੜਕਿਆ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਇਸ ਲਈ ਫ਼ੋਨ ਕੀਤਾ, ਕਿਉਂਕਿ ਉਹ ਜੇਲ੍ਹ ਜਾਣਾ ਚਾਹੁੰਦਾ ਹੈ। ਇਹ ਪੁੱਛਣ 'ਤੇ ਕਿ ਜੇਲ੍ਹ ਕਿਉਂ ਜਾਣਾ ਚਾਹੁੰਦਾ ਹੈ, ਇਸ 'ਤੇ ਉਸ ਨੇ ਕਿਹਾ,''ਉੱਥੇ ਮਨ ਲੱਗਦਾ ਹੈ ਮੇਰਾ।'' ਉਨ੍ਹਾਂ ਕਿਹਾ ਕਿ ਸਲਮਾਨ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਸ ਨੂੰ ਨਸ਼ੇ ਦੀ ਆਦਤ ਹੈ ਅਤੇ ਉਸ ਨੇ ਵੀਰਵਾਰ ਰਾਤ ਕਰੀਬ 7 ਵਜੇ ਥੋੜ੍ਹਾ ਨਸ਼ਾ ਕੀਤਾ ਸੀ। ਪੁਲਸ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਸੀਨੀਅਰ ਅਧਿਾਕਰੀ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਪ੍ਰੋਟੋਕਾਲ ਅਨੁਸਾਰ ਖੁਫ਼ੀਆ ਬਿਊਰੋ ਦੇ ਅਧਿਕਾਰੀਆਂ ਨਾਲ ਉਸ ਤੋਂ ਪੁੱਛ-ਗਿੱਛ ਕਰਨਗੇ।


DIsha

Content Editor

Related News