ਦਿੱਲੀ ਫਤਿਹ ਦਿਵਸ ਸਮਾਗਮਾਂ ਵਿਚ ਵੱਡੀ ਗਿਣਤੀ ''ਚ ਸ਼ਾਮਲ ਹੋਣਗੀਆਂ ਬੀਬੀਆਂ : ਜਗਦੀਪ ਸਿੰਘ ਕਾਹਲੋਂ

03/10/2023 6:31:58 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 8 ਅਤੇ 9 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਹੋ ਰਹੇ ਦਿੱਲੀ ਫਤਿਹ ਦਿਵਸ ਸਮਾਗਮਾਂ ਵਿਚ ਬੀਬੀਆਂ ਵੱਡੀ ਗਿਣਤੀ 'ਚ ਸ਼ਾਮਲ ਹੋਣਗੀਆਂ। ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਫਤਿਹ ਦਿਵਸ ਸਮਾਗਮ ਦੀ ਤਿਆਰੀ ਲਈ ਬੀਬੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਵਿਚ ਬੀਬੀਆਂ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹਮੇਸ਼ਾ ਸਾਡੀਆਂ ਬੀਬੀਆਂ ਭੈਣਾਂ ਨੇ ਕੌਮ ਦੇ ਸੰਘਰਸ਼ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਔਰਤਾਂ ਦਾ ਕੌਮ ਵਿਚ ਅਹਿਮ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸਤਰੀ ਅਕਾਲੀ ਦਲ ਦੀਆਂ ਮੈਂਬਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 6 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਸਥਿਤ ਬੁੰਗਾ ਰਾਮਗੜ੍ਹੀਆ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਹਰਿਆਣਾ ਤੋਂ ਹੁੰਦਾ ਹੋਇਆ 7 ਅਪ੍ਰੈਲ ਨੂੰ ਦਿੱਲੀ ਵਿਚ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ 8 ਅਤੇ 9 ਅਪ੍ਰੈਲ ਨੂੰ ਲਾਲ ਕਿਲ੍ਹੇ ਦੇ ਮੈਦਾਨ ਵਿਚ ਦਿੱਲੀ ਫਤਿਹ ਦਿਵਸ ਸਮਾਗਮ ਹੋਣਗੇ ਜਿਸ ਵਿਚ ਕੀਰਤਨ ਦਰਬਾਰ ਵੀ ਸਜਾਇਆ ਜਾਵੇਗਾ ਤੇ ਢਾਡੀ ਸਿੰਘ ਵੀ ਗੁਰੂ ਮਹਿਮਾ ਦੀ ਉਸਤਤ ਕਰਨਗੇ।

PunjabKesari

ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਧਰਮ ਦੀ ਸੇਵਾ ਦੇ ਨਾਲ ਨਾਲ ਸਿਹਤ ਅਤੇ ਸਿੱਖਿਆ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਦੁਨੀਆਂ ਭਰ ਵਿਚ ਸ਼ਲਾਘਾ ਹੋਈ ਹੈ। ਉਨ੍ਹਾਂ ਕਿਹਾ ਕਿ ਜਿਥੇ ਕੋਰੋਨਾ ਕਾਲ ਵਿਚ ਕਮੇਟੀ ਨੇ 10 ਦਿਨਾਂ ਵਿਚ 400 ਬੈਡਾਂ ਦਾ ਹਸਪਤਾਲ ਤਿਆਰ ਕੀਤਾ, ਉਥੇ ਹੀ ਦਿੱਲੀ ਦੇ ਬਾਰਡਰਾਂ ’ਤੇ ਲੱਗੇ ਕਿਸਾਨ ਮੋਰਚੇ ਦੀ ਸਮਾਪਤੀ ਤੱਕ ਲੰਗਰ ਦੀ ਸੇਵਾ ਨਿਭਾਈ ਅਤੇ ਉਸ ਤੋਂ ਬਾਅਦ ਗ੍ਰਿਫਤਾਰ ਹੋਏ ਕਿਸਾਨਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਤੇ ਜਿਹੜੇ ਕਿਸਾਨਾਂ ਨੂੰ ਨੋਟਿਸ ਆਏ ਸਨ, ਉਨ੍ਹਾਂ ਦੇ ਨੋਟਿਸ ਰੱਦ ਕਰਵਾਏ। ਉਨ੍ਹਾਂ ਕਿਹਾ ਕਿ ਇਹ ਸਾਰੇ ਉਦੋਂ ਹੋਏ ਸਨ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪ੍ਰਧਾਨ ਅਤੇ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਜ਼ਿੰਮੇਵਾਰੀ ਸੰਭਾਲੇ ਨੂੰ ਕੁਝ ਹੀ ਸਮਾਂ ਹੋਇਆ ਸੀ।

ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਕਾਰਨ ਵੱਡੀਆਂ ਕੰਪਨੀਆਂ ਨੇ 60 ਤੋਂ 70 ਫੀਸਦੀ ਸਟਾਫ ਕੱਢ ਦਿੱਤਾ ਸੀ ਉਦੋਂ ਵੀ ਕਮੇਟੀ ਨੇ ਆਪਣਾ ਕੋਈ ਮੁਲਾਜ਼ਮ ਨੌਕਰੀ ਤੋਂ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਫੀਸਾਂ ਆਉਣੀਆਂ ਬੰਦ ਹੋ ਗਈਆਂ ਸਨ ਪਰ ਇਸਦੇ ਬਾਵਜੂਦ ਅਧਿਆਪਕਾਂ ਨੂੰ ਰੈਗੂਲਰ ਤਨਖਾਹ ਦਿੱਤੀ ਗਈ।

PunjabKesari

ਉਨ੍ਹਾਂ ਇਹ ਵੀ ਦੱਸਿਆ ਕਿ ਆਸਟਰੇਲੀਆ, ਕੈਨੇਡਾ, ਇੰਗਲੈਂਡ ਆਦਿ ਤੋਂ ਜਦੋਂ ਡੈਲੀਗੇਸ਼ਨ ਆਉਂਦੇ ਹਨ ਤਾਂ ਉਹ ਇਹ ਵੇਖ ਕੇ ਹੈਰਾਨ ਹੁੰਦੇ ਹਨ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਗੁਰੂਹਰਿਕ੍ਰਿਸ਼ਨ  ਪੋਲੀਕਲੀਨਿਕ ਵਿਚ ਐਮ ਆਰਆਈ  ਟੈਸਟ ਸਿਰਫ 50 ਰੁਪਏ ਵਿਚ ਕੀਤਾ ਜਾ ਰਿਹਾ ਹੈ। ਬਾਲਾ ਸਾਹਿਬ ਹਸਪਤਾਲ ਵਿਚ ਬਿਨਾਂ ਕਿਸੇ ਵਿਤਕਰੇ ਦੇ ਡਾਇਲਸਿਸ ਮੁਫਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਇਹ ਸੇਵਾ ਇਸ ਕਮੇਟੀ ਦੇ ਹਿੱਸੇ ਆਈ ਹੈ ਕਿ ਇਸ ਵੱਲੋਂ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਮਨਾਉਣ ਨਾਲ ਲੋਕਾਂ ਵਿਚ ਜਾਗਰੂਕਤਾ ਆਉਂਦੀ ਹੈ ਕਿ ਦਿੱਲੀ ਨੂੰ ਸਿੰਘਾਂ ਨੇ ਕਦੋਂ ਤੇ ਕਿਵੇਂ ਫਤਿਹ ਕੀਤਾ। ਇਸ ਮੌਕੇ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੋਲੀਕਲੀਨਿਕ ਵਿਚ ਜਲਦੀ ਹੀ ਕੈਂਸਰ ਦਾ ਪਤਾ ਲਾਉਣ ਵਾਲੀ ਮਸ਼ੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਬਤ ਟੀ ਸੀਰੀਜ਼ ਕੰਪਨੀ ਨੇ 9 ਕਰੋੜ ਦੀ ਸੇਵਾ ਕਮੇਟੀ ਨੂੰ ਦਿੱਤੀ ਹੈ ਅਤੇ ਜਲਦੀ ਹੀ ਮਸ਼ੀਨ ਵਾਸਤੇ ਆਰਡਰ ਦਿੱਤਾ ਜਾ ਰਿਹਾ ਹੈ।


Rakesh

Content Editor

Related News