ਔਰਤ ਦੀ ਕਮਰ ''ਚ 3 ਸਾਲਾਂ ਤੋਂ ਫਸੀ ਸੀ ਅੱਧੀ ਟੁੱਟੀ ਸੂਈ, ਡਾਕਟਰਾਂ ਨੇ ਆਪ੍ਰੇਸ਼ਨ ਕਰ ਕੱਢੀ
Tuesday, May 28, 2024 - 03:52 PM (IST)
ਨਵੀਂ ਦਿੱਲੀ- ਡਾਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਉਹ ਅਸੰਭਵ ਨੂੰ ਵੀ ਸੰਭਵ ਕਰਨ ਵਿਚ ਸਮਰੱਥ ਹੁੰਦੇ ਹਨ। ਅਕਸਰ ਸਾਨੂੰ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਬਾਰੇ ਜਾਣ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ਅਤੇ ਇਸ ਦੇ ਨਾਲ ਹੀ ਸਾਨੂੰ ਡਾਕਟਰਾਂ 'ਤੇ ਵੱਧ ਭਰੋਸਾ ਵੀ ਹੋਣ ਲੱਗਦਾ ਹੈ। ਹਾਲ ਹੀ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ। ਇਕ ਜਟਿਲ ਆਪ੍ਰੇਸ਼ਨ 'ਚ ਡਾਕਟਰਾਂ ਨੇ 49 ਸਾਲ ਦੀ ਇਕ ਔਰਤ ਰੰਭਾ ਦੇਵੀ ਦੀ ਕਮਰ ਦੀ ਮਾਸਪੇਸ਼ੀਆਂ ਵਿਚ ਤਿੰਨ ਸਾਲ ਤੋਂ ਫਸੀ ਟੁੱਟੀ ਹੋਈ ਸੂਈ ਕੱਢੀ ਹੈ। ਤਿੰਨ ਸਾਲ ਪਹਿਲਾਂ ਸਿਲਾਈ ਕਰਦਿਆਂ ਉਕਤ ਔਰਤ ਦੀ ਕਮਰ ਵਿਚ ਸੂਈ ਫਸ ਗਈ ਸੀ।
ਦਰਅਸਲ ਤਿੰਨ ਸਾਲ ਪਹਿਲਾਂ ਔਰਤ ਨੇ ਸਿਲਾਈ ਕਰਦੇ ਸਮੇਂ ਸੂਈ ਬਿਸਤਰੇ 'ਤੇ ਰੱਖ ਦਿੱਤੀ ਸੀ। ਉਹ ਕੁਝ ਹੋਰ ਕਰਨ ਲਈ ਖੜ੍ਹੀ ਹੋਈ ਅਤੇ ਫਿਰ ਅਚਾਨਕ ਫਿਸਲ ਕੇ ਬਿਸਤਰੇ 'ਤੇ ਡਿੱਗ ਗਈ। ਰੰਭਾ ਦੇਵੀ ਨੂੰ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਸ ਨੂੰ ਬਿਸਤਰੇ 'ਤੇ ਟੁੱਟੀ ਹੋਈ ਸੂਈ ਮਿਲੀ। ਉਸ ਨੇ ਸੋਚਿਆ ਕਿ ਬਾਕੀ ਦਾ ਅੱਧਾ ਹਿੱਸਾ ਕਮਰੇ ਵਿਚ ਕਿਤੇ ਡਿੱਗ ਗਿਆ ਹੋਵੇਗਾ। ਕਈ ਦਿਨਾਂ ਤੱਕ ਉਹ ਸੂਈ ਦੇ ਬਾਕੀ ਹਿੱਸੇ ਦੀ ਭਾਲ ਕਰਦੀ ਰਹੀ ਪਰ ਨਹੀਂ ਮਿਲਿਆ। ਉਹ ਦੂਜੇ ਕੰਮਾਂ ਵਿਚ ਰੁੱਝ ਗਈ ਅਤੇ ਸੂਈ ਨੂੰ ਭੁੱਲ ਗਈ। ਹਾਲਾਂਕਿ ਉਸ ਨੂੰ ਲਗਾਤਾਰ ਕਮਰ 'ਚ ਦਰਦ ਮਹਿਸੂਸ ਹੁੰਦਾ ਸੀ। ਜਦਕਿ ਔਰਤ ਦਾ ਦਰਦ ਅਸਹਿਯੋਗ ਹੋ ਗਿਆ, ਤਾਂ ਉਹ ਡਾਕਟਰ ਕੋਲ ਗਈ। ਐਕਸ-ਰੇਅ ਤੋਂ ਪਤਾ ਲੱਗਾ ਕਿ ਗੁਆਚੀ ਹੋਈ ਟੁੱਟੀ ਸੂਈ ਉਸ ਦੀ ਕਮਰ ਦੀਆਂ ਮਾਸਪੇਸ਼ੀਆਂ ਵਿਚ ਧੱਸੀ ਹੋਈ ਹੈ। ਹਾਲਾਂਕਿ ਕੇਸ ਕਾਫੀ ਜਟਿਲ ਹੋਣ ਕਾਰਨ ਕਈ ਡਾਕਟਰਾਂ ਨੇ ਉਸ ਦੀ ਸਰਜਰੀ ਕਰਨ ਤੋਂ ਇਨਕਾਰ ਕਰ ਦਿੱਤਾ।
ਸਰ ਗੰਗਾ ਰਾਮ ਹਸਪਤਾਲ ਦੇ ਜਨਰਲ ਸਰਜਰੀ ਵਿਭਾਗ ਦੇ ਸੀਨੀਅਰ ਸਲਾਹਕਾਰ ਤਰੁਣ ਮਿੱਤਲ ਨੇ ਕਿਹਾ ਕਿ ਸੂਈ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਸੀ। ਸੂਈ ਦਾ ਸਟੀਕ ਪਤਾ ਲਾਉਣ ਲਈ ਆਪ੍ਰੇਸ਼ਨ ਦੌਰਾਨ ਕਈ ਐਕਸ-ਰੇਅ ਕਰਨੇ ਪਏ ਅਤੇ ਆਖ਼ਰਕਾਰ ਟੀਮ ਨੇ ਸੂਈ ਲੱਭੀ ਅਤੇ ਉਸ ਨੂੰ ਬਿਨਾਂ ਟੁੱਟੇ ਕੱਢ ਲਿਆ। ਇਹ ਬੇਹੱਦ ਮੁਸ਼ਕਲ ਆਪ੍ਰੇਸ਼ਨ ਸੀ। ਡਾਕਟਰਾਂ ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਹਮੇਸ਼ਾ ਸਮੇਂ 'ਤੇ ਡਾਕਟਰ ਮਦਦ ਲਓ ਅਤੇ ਕਿਸੇ ਵੀ ਚੀਜ਼ ਨੂੰ ਇਗਨੋਰ ਨਾ ਕਰੋ। ਡਾਕਟਰ ਨੇ ਕਿਹਾ ਕਿ ਔਰਤ ਹੁਣ ਬਿਲਕੁੱਲ ਠੀਕ ਹੈ।