ਦਿੱਲੀ ਦੇ ਹਸਪਤਾਲ ''ਚ ਇਕ ਵਿਅਕਤੀ ਦੀ ਥਾਇਰਾਇਡ ਗਲੈਂਡ ''ਚੋਂ ਕੱਢਿਆ ਗਿਆ ''ਨਾਰੀਅਲ ਦੇ ਆਕਾਰ'' ਦਾ ਟਿਊਮਰ

Friday, Oct 28, 2022 - 01:42 PM (IST)

ਦਿੱਲੀ ਦੇ ਹਸਪਤਾਲ ''ਚ ਇਕ ਵਿਅਕਤੀ ਦੀ ਥਾਇਰਾਇਡ ਗਲੈਂਡ ''ਚੋਂ ਕੱਢਿਆ ਗਿਆ ''ਨਾਰੀਅਲ ਦੇ ਆਕਾਰ'' ਦਾ ਟਿਊਮਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਬਿਹਾਰ ਦੇ 72 ਸਾਲਾ ਕਿਸਾਨ ਦੀ ਥਾਇਰਾਇਡ ਗਲੈਂਡ 'ਚੋਂ ਇਕ 'ਨਾਰੀਅਲ ਦੇ ਆਕਾਰ ਦਾ' ਟਿਊਮਰ ਕੱਢਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਇਸ ਸਰਜਰੀ ਵਿਚ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਮਰੀਜ਼ ਦੀ ਆਵਾਜ਼ ਨੂੰ ਬਚਾਉਣਾ ਵੀ ਸ਼ਾਮਲ ਹੈ। ਹਸਪਤਾਲ ਨੇ ਇਕ ਬਿਆਨ 'ਚ ਕਿਹਾ ਕਿ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਵਿਅਕਤੀ ਪਿਛਲੇ 6 ਮਹੀਨਿਆਂ ਤੋਂ ਸਾਹ ਲੈਣ ਅਤੇ ਭੋਜਨ ਨਿਗਲਣ 'ਚ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਸੀ। ਇਹ ਸਮੱਸਿਆ ਕਾਫੀ ਹੱਦ ਤੱਕ ਵਧ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਇੱਥੋਂ ਦੇ ਸਰ ਗੰਗਾ ਰਾਮ ਹਸਪਤਾਲ ਦੇ 'ਈਐੱਨਟੀ ਅਤੇ ਹੈੱਡ, ਨੇਕ ਓਨਕੋ ਸਰਜਰੀ' ਵਿਭਾਗ 'ਚ ਲਿਆਂਦਾ ਗਿਆ ਸੀ। ਹਸਪਤਾਲ ਦੇ ਨੈਕ ਓਨਕੋ ਸਰਜਰੀ ਵਿਭਾਗ 'ਚ ਸਲਾਹਕਾਰ ਡਾ. ਸੰਗੀਤਾ ਅਗਰਵਾਲ ਅਨੁਸਾਰ,“ਪਿਛਲੇ ਕਈ ਸਾਲਾਂ ਦੇ ਅਭਿਆਸ ਦੌਰਾਨ, ਮੈਂ ਵੱਡੇ ਥਾਇਰਾਇਡ ਟਿਊਮਰਾਂ ਦੇ 250 ਤੋਂ ਵੱਧ ਆਪਰੇਸ਼ਨ ਕੀਤੇ ਹਨ ਪਰ ਭਾਰ ਅਤੇ ਆਕਾਰ ਦੇ ਲਿਹਾਜ਼ ਨਾਲ ਇਹ ਇਕ ਅਨੋਖਾ ਮਾਮਲਾ ਸੀ, ਜਿਸ 'ਚ ਆਮ ਤੌਰ 'ਤੇ 10-15 ਗ੍ਰਾਮ ਭਾਰੀ ਅਤੇ 3-4 ਸੈਂਟੀਮੀਟਰ ਆਕਾਰ ਵਾਲੀ ਤਿਤਲੀ ਦੇ ਆਕਾਰ ਦੀ ਥਾਇਰਾਇਡ ਗਲੈਂਡ 18-20 ਸੈਂਟੀਮੀਟਰ ਦੇ ਆਕਾਰ ਵਾਲੇ ਨਾਰੀਅਲ ਤੋਂ ਵੀ ਵੱਡੀ ਬਣ ਗਈ ਸੀ।''

ਉਨ੍ਹਾਂ ਕਿਹਾ ਕਿ ਟਿਊਮਰ ਨੂੰ ਕੱਢਣ ਸਮੇਂ ਸਭ ਤੋਂ ਵੱਡੀ ਚੁਣੌਤੀ ਮਰੀਜ਼ ਦੀ ਆਵਾਜ਼ ਨੂੰ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਦੋਵੇਂ ਪਾਸੇ ਦੀਆਂ ਵੋਕਲ ਕੋਰਡ ਦੀਆਂ ਨਸਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ। ਡਾਕਟਰ ਨੇ ਦੱਸਿਆ ਕਿ ਰਸੌਲੀ ਹੋਣ ਕਾਰਨ ਸਾਹ ਨਲੀ (ਵਿੰਡ ਪਾਈਪ) ਸੁੰਗੜ ਗਈ ਸੀ, ਜਿਸ ਕਾਰਨ ਨਵੀਂ ਤਕਨੀਕ ਨਾਲ ਅਪਰੇਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ,"ਇੰਨੇ ਵੱਡੇ ਟਿਊਮਰ 'ਚ, ਕੈਲਸ਼ੀਅਮ ਨੂੰ ਬਚਾਉਣਾ ਅਤੇ ਪੈਰਾਥਾਈਰੋਇਡ ਗਲੈਂਡਜ਼ ਨੂੰ ਕਾਇਮ ਰੱਖਣਾ ਵੀ ਇਕ ਵੱਡੀ ਚੁਣੌਤੀ ਹੁੰਦੀ ਹੈ। ਅਸੀਂ ਸਾਰੀਆਂ ਪੈਰਾਥਾਈਰੋਇਡ ਗਲੈਂਡਜ਼ ਨੂੰ ਬਚਾਉਣ 'ਚ ਕਾਮਯਾਬ ਰਹੇ।" ਥਾਇਰਾਇਡ ਗਲੈਂਡ ਗਰਦਨ ਦੇ ਹੇਠਲੇ ਹਿੱਸੇ 'ਤੇ ਸਥਿਤ ਇਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ। ਇਹ ਗਲੈਂਡ, ਜਿਸ ਨੂੰ 'ਐਡਮਜ਼ ਐਪਲ' ਵੀ ਕਿਹਾ ਜਾਂਦਾ ਹੈ, ਹਾਰਮੋਨ ਨੂੰ ਛੁਪਾਉਂਦਾ ਹੈ ਜੋ ਮੈਟਾਬੋਲਿਜ਼ਮ ਨੂੰ ਨਿਯੰਤਰਿਤ ਕਰਦੇ ਹਨ। ਹਸਪਤਾਲ ਨੇ ਦੱਸਿਆ ਕਿ ਸਰਜਰੀ 'ਚ ਕਰੀਬ ਤਿੰਨ ਘੰਟੇ ਲੱਗੇ।


author

DIsha

Content Editor

Related News