ਗੁਜਰਾਤ ਚੋਣਾਂ : ਪਹਿਲੇ ਪੜਾਅ ਲਈ 1,362 ’ਚੋਂ 999 ਨਾਮਜ਼ਦਗੀ ਪੱਤਰ ਯੋਗ ਪਾਏ ਗਏ
Wednesday, Nov 16, 2022 - 01:02 PM (IST)
ਅਹਿਮਦਾਬਾਦ– ਗੁਜਰਾਤ ਵਿਧਾਨ ਸਭਾ ਦੀਆਂ 89 ਸੀਟਾਂ ’ਤੇ ਪਹਿਲੇ ਪੜਾਅ ’ਚ ਹੋਣ ਵਾਲੀਆਂ ਚੋਣਾਂ ਲਈ ਦਾਖ਼ਲ 1,362 ਨਾਮਜ਼ਦਗੀ ਪੱਤਰਾਂ ’ਚੋਂ 999 ਹੀ ਯੋਗ ਪਾਏ ਗਏ ਹਨ। ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲੇ ਪੜਾਅ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਦਾ ਆਖਰੀ ਦਿਨ ਮੰਗਲਵਾਰ ਨੂੰ ਸੀ। ਪਹਿਲੇ ਪੜਾਅ ਤਹਿਤ ਵੋਟਾਂ 1 ਦਸੰਬਰ ਨੂੰ ਪੈਣੀਆਂ ਹਨ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ 5 ਨਵੰਬਰ ਤੋਂ ਨਾਮਜ਼ਦਗੀ ਪੱਤਰ ਸਵਿਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ਼ 14 ਨਵੰਬਰ ਸੀ।
ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਚਿਤ ਜਾਂਚ ਤੋਂ ਬਾਅਦ 999 ਪੱਤਰ ਯੋਗ ਪਾਏ ਗਏ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ 93 ਸੀਟਾਂ ’ਤੇ ਪੈਣ ਵਾਲੀਆਂ ਦੂਜੇ ਪੜਾਅ ਦੀਆਂ ਵੋਟਾਂ ਲਈ ਹੁਣ ਤਕ 341 ਨਾਮਜ਼ਦਗੀ ਪੱਤਰ ਮਿਲ ਚੁੱਕੇ ਹਨ। ਦੂਜੇ ਪੜਾਅ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 10 ਨਵੰਬਰ ਨੂੰ ਸ਼ੁਰੂ ਹੋਈ ਸੀ। ਮੁੱਖ ਮੰਤਰੀ ਭੂਪੇਸ਼ ਪਟੇਲ ਬੁੱਧਵਾਰ ਨੂੰ ਯਾਨੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਹ ਅਹਿਮਦਾਬਾਦ ਦੀ ਘਾਟਲੋਡੀਆ ਸੀਟ ਤੋਂ ਚੋਣ ਲੜਨਗੇ। ਇਸਸੀਟ ਲਈ ਦੂਜੇ ਪੜਾਅ ’ਚ ਵੋਟਿੰਗ ਹੋਵੇਗੀ।
ਦੂਜੇ ਪੜਾਅ ’ਚ ਬਨਾਸਕਾਂਠਾ, ਪਾਟਨ, ਮੇਹਸਾਣਾ, ਸਾਬਰਕਾਂਠਾ, ਗਾਂਧੀਨਗਰ, ਅਰਾਵਲੀ, ਅਹਿਮਦਾਬਾਦ, ਆਣੰਦ, ਖੇਡਾ, ਪੰਚਮਹਿਲ, ਦਾਹੋਦ ਅਤੇ ਵਡੋਦਰਾ ਸੀਟ ਲਈ ਵੋਟਿੰਗ ਹੋਵੇਗੀ। ਦੂਜੇ ਪੜਾਅ ਦੀ ਵੋਟਿੰਗ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ਼ 17 ਨਵੰਬਰ ਹੈ ਅਤੇ ਉਨ੍ਹਾਂ ਦੀ ਛਾਂਟੀ 18 ਨਵੰਬਰ ਨੂੰ ਕੀਤੀ ਜਾਵੇਗੀ। ਪਹਿਲੇ ਪੜਾਅ ਲਈ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ਼ 17 ਨਵੰਬਰ ਹੈ, ਜਦਕਿ ਦੂਜੇ ਪੜਾਅ ਲਈ 21 ਨਵੰਬਰ ਤਕ ਨਾਮ ਵਾਪਸ ਲਿਆ ਜਾ ਸਕਦਾ ਹੈ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।