ਹੌਂਸਲੇ ਦੀ ਜਿੱਤ: 96 ਸਾਲ ਦੀ ਬੇਬੇ ਨੇ ਕੋਰੋਨਾ ਨੂੰ ਦਿੱਤੀ ਮਾਤ, ਸਿਹਤਯਾਬ ਹੋ ਕੇ ਪਰਤੀ ਘਰ
Wednesday, Jul 08, 2020 - 06:33 PM (IST)
ਬੈਂਗਲੁਰੂ (ਭਾਸ਼ਾ)— ਕਰਨਾਟਕ ਦੇ ਚਿੱਤਰਦੁਰਗ ਵਿਚ 96 ਸਾਲ ਦੀ ਇਕ ਬੇਬੇ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਕਰਨਾਟਕ 'ਚ ਇਸ ਵਾਇਰਸ ਤੋਂ ਮੁਕਤ ਹੋਣ ਵਾਲੀ 90 ਸਾਲ ਤੋਂ ਵਧੇਰੇ ਉਮਰ ਦੀ ਉਹ ਦੂਜੀ ਮਰੀਜ਼ ਹੈ। ਪਿਛਲੇ ਮਹੀਨੇ ਬੈਂਗਲੁਰੂ ਵਿਚ 99 ਸਾਲ ਦੀ ਬੀਬੀ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤੀ ਸੀ। ਸਿਹਤ ਅਧਿਕਾਰੀਆਂ ਮੁਤਾਬਕ 96 ਸਾਲਾਂ ਗੋਵਿੰਦਮਾ ਆਪਣੇ ਪੁੱਤਰ, ਨੂੰਹ ਅਤੇ ਪੋਤੇ ਨਾਲ 25 ਜੂਨ ਨੂੰ ਬੁਖਾਰ ਅਤੇ ਗਲ਼ 'ਚ ਖ਼ਰਾਸ਼ ਦੀ ਸਮੱਸਿਆ ਕਾਰਨ ਹਸਪਤਾਲ 'ਚ ਦਾਖ਼ਲ ਹੋਈ ਸੀ। ਉਨ੍ਹਾਂ ਦਾ 27 ਸਾਲਾ ਪੋਤਾ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ 62 ਸਾਲਾ ਪੁੱਤਰ ਅਤੇ 58 ਸਾਲਾ ਨੂੰਹ ਵੀ ਕੋਰੋਨਾ ਪਾਜ਼ੇਟਿਵ ਹੋਈ। ਬਾਅਦ 'ਚ ਗੋਵਿੰਦਮਾ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ।
ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦੇ ਮਾਮਲੇ 7.42 ਲੱਖ, ਮ੍ਰਿਤਕਾਂ ਦਾ ਅੰਕੜਾ 20,642 'ਤੇ ਪਹੁੰਚਿਆ
ਸੂਤਰਾਂ ਮੁਤਾਬਕ ਠੀਕ ਹੋਣ ਤੋਂ ਬਾਅਦ ਸਾਰਿਆਂ ਨੂੰ 6 ਜੁਲਾਈ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। ਬਾਅਦ ਵਿਚ ਗੋਵਿੰਦਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਇਰਸ ਤੋਂ ਡਰ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਸਾਰਿਆਂ ਨੂੰ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੈ। ਉਨ੍ਹਾਂ ਦੀ ਸਫਲਤਾ ਦੀ ਕਹਾਣੀ ਸਾਂਝੇ ਕਰਦੇ ਹੋਏ, ਕਰਨਾਟਕ ਦੇ ਮੈਡੀਕਲ ਸਿੱਖਿਆ ਮੰਤਰੀ ਕੇ. ਸੁਧਾਕਰ ਨੇ ਟਵੀਟ ਕੀਤਾ ਕਿ ਮੈਂ ਚਿੱਤਰਦੁਰਗ ਦੀ ਗਵਿੰਦਮਾ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਕੋਰੋਨਾ ਨੂੰ ਹਰਾ ਦਿੱਤਾ। ਉਨ੍ਹਾਂ ਨੇ ਆਪਣੇ ਹੌਂਸਲੇ ਨਾਲ ਕਰਨਾਟਕ ਦੇ ਲੋਕਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਮੰਤਰੀ ਨੇ ਕਿਹਾ ਕਿ ਵਾਇਰਸ ਤੋਂ ਉੱਭਰਨ ਦਾ ਇਕਮਾਤਰ ਤਰੀਕਾ ਆਤਮਵਿਸ਼ਵਾਸ ਅਤੇ ਉੱਚਿਤ ਇਲਾਜ ਹੈ।