ਹਿਮਾਚਲ ’ਚ 90 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਟੀਕਾ ਦੀਆਂ ਦੋਵੇਂ ਖ਼ੁਰਾਕਾਂ
Saturday, Nov 27, 2021 - 04:56 PM (IST)
ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ 90 ਫ਼ੀਸਦੀ ਲੋਕਾਂ ਨੂੰ ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ ਅਤੇ ਇਸ ’ਚ 50 ਲੱਖ ਦੇ ਕਰੀਬ ਲੋਕਾਂ ਨੂੰ ਦੂੂਜੀ ਖ਼ੁਰਾਕ ਵੀ ਦਿੱਤੀ ਜਾ ਚੁੱਕੀ ਹੈ। ਸਿਹਤ ਵਿਭਾਗ ਦੇ ਸਕੱਤਰ ਅਮਿਤਾਭ ਅਵਸਥੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੋਲਨ, ਲਾਹੌਲ-ਸਪੀਤੀ ਅਤੇ ਕਿੰਨੌਰ ਜ਼ਿਲ੍ਹਿਆਂ ਵਿਚ ਕੋਵਿਡ ਟੀਕਾਕਰਨ ਦੀਆਂ ਦੋਵੇਂ ਖ਼ੁਰਾਕਾਂ ਦੇ ਲਿਹਾਜ਼ ਨਾਲ 100 ਫ਼ੀਸਦੀ ਕਵਰ ਕਰ ਲਿਆ ਗਿਆ ਹੈ, ਜਦਕਿ 30 ਨਵੰਬਰ ਤੱਕ ਸਾਰੇ ਜ਼ਿਲ੍ਹਿਆਂ ਨੂੰ 100 ਫ਼ੀਸਦੀ ਕਵਰ ਕਰ ਲਿਆ ਜਾਵੇਗਾ।
ਇਸ ਦੇ ਨਾਲ ਹੀ ਇਹ ਸੂਬਾ ਕੋਰੋਨਾ ਦੀ ਦੂਜੀ ਡੋਜ਼ ਲਗਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਹਿਮਾਚਲ ਕੋਰੋਨਾ ਦੀ ਪਹਿਲੀ ਖ਼ੁਰਾਕ ਦੇਣ ਵਾਲਾ ਵੀ ਦੇਸ਼ ਭਰ ’ਚ ਪਹਿਲਾ ਸੂਬਾ ਬਣਿਆ ਸੀ। ਸਿਹਤ ਵਿਭਾਗ ਨੇ 30 ਨਵੰਬਰ ਤੱਕ 100 ਫ਼ੀਸਦੀ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਹੈ।
ਦੱਸ ਦੇਈਏ ਕਿ ਦੇਸ਼ ’ਚ ਸ਼ਨੀਵਾਰ ਨੂੰ ਇਕ ਦਿਨ ਵਿਚ ਕੋਰੋਨਾ ਦੇ 8,318 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 3,45,63,749 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ 465 ਹੋਰ ਲੋਕਾਂ ਦੀ ਵਾਇਰਸ ਨਾਲ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,67,933 ਹੋ ਗਈ ਹੈ। ਦੇਸ਼ ’ਚ ਹੁਣ ਤੱਕ ਕੋਵਿਡ-19 ਰੋਕੂ ਟੀਕੇ ਦੀਆਂ ਕੁੱਲ 120.96 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।