6 ਦਿਨਾਂ 'ਚ ਏਅਰ ਇੰਡੀਆ ਦੀਆਂ 83 ਉਡਾਣਾਂ ਰੱਦ, ਬੋਇੰਗ 787 ਸਭ ਤੋਂ ਵੱਧ ਪ੍ਰਭਾਵਿਤ
Wednesday, Jun 18, 2025 - 03:02 AM (IST)

ਨੈਸ਼ਨਲ ਡੈਸਕ- ਪਿਛਲੇ ਛੇ ਦਿਨਾਂ ਵਿਚ ਏਅਰ ਇੰਡੀਆ ਦੀਆਂ 83 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਬੋਇੰਗ 787 ਉਡਾਣਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਇਹ ਜਾਣਕਾਰੀ ਦਿੱਤੀ ਹੈ। DGCA ਨੇ ਮੰਗਲਵਾਰ ਨੂੰ ਕਿਹਾ ਕਿ 12 ਤੋਂ 17 ਜੂਨ ਦੇ ਵਿਚਕਾਰ 83 ਏਅਰ ਇੰਡੀਆ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 66 ਉਡਾਣਾਂ ਬੋਇੰਗ 787 ਸਨ। ਜਿਸ ਤੋਂ ਬਾਅਦ DGCA ਨੇ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਦੀ ਸੁਰੱਖਿਆ ਅਤੇ ਸੰਚਾਲਨ ਦੀ ਡੂੰਘਾਈ ਨਾਲ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਬੋਇੰਗ 787 ਨੂੰ ਕਿਹਾ ਜਾਂਦਾ 'ਡਰੀਮਲਾਈਨ'
ਦਰਅਸਲ 12 ਜੂਨ ਨੂੰ ਅਹਿਮਦਾਬਾਦ ਵਿਚ ਬੋਇੰਗ 787-8 ਡ੍ਰੀਮਲਾਈਨਰ ਦੇ ਹਾਦਸੇ ਨੇ ਸੁਰੱਖਿਆ ਚਿੰਤਾਵਾਂ ਪੈਦਾ ਕੀਤੀਆਂ ਸਨ। DGCA ਨੇ ਕਿਹਾ ਕਿ ਉਸ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ। ਏਅਰ ਇੰਡੀਆ ਦੇ ਬੇੜੇ ਵਿਚ ਕਈ ਵਾਈਡ-ਬਾਡੀ ਜਹਾਜ਼ ਸ਼ਾਮਲ ਹਨ, ਜੋ ਕਿ ਆਮ ਤੌਰ 'ਤੇ ਕੌਮਾਂਤਰੀ ਰੂਟਾਂ 'ਤੇ ਉਡਾਣ ਭਰਦੇ ਹਨ। ਬੋਇੰਗ 787, ਜਿਸ ਨੂੰ 'ਡਰੀਮਲਾਈਨ' ਕਿਹਾ ਜਾਂਦਾ ਹੈ। ਇਹ ਮੁੱਖ ਤੌਰ 'ਤੇ ਲੰਬੀ ਦੂਰੀ ਦੀ ਯਾਤਰਾ ਲਈ ਇਸਤੇਮਾਲ ਹੁੰਦਾ ਹੈ।
17 ਜੂਨ ਨੂੰ ਏਅਰ ਇੰਡੀਆ ਦੀਆਂ 7 ਉਡਾਣਾਂ ਰੱਦ
ਮੰਗਲਵਾਰ ਨੂੰ ਇੱਕ ਦਿਨ ਵਿਚ ਏਅਰ ਇੰਡੀਆ ਦੀਆਂ 7 ਉਡਾਣਾਂ ਰੱਦ ਕੀਤੀਆਂ ਗਈਆਂ। ਇਨ੍ਹਾਂ ਵਿਚ ਅਹਿਮਦਾਬਾਦ-ਲੰਡਨ, ਦਿੱਲੀ-ਪੈਰਿਸ, ਦਿੱਲੀ-ਵਿਆਨਾ, ਲੰਡਨ-ਅੰਮ੍ਰਿਤਸਰ, ਦਿੱਲੀ-ਦੁਬਈ, ਬੈਂਗਲੁਰੂ-ਲੰਡਨ ਅਤੇ ਮੁੰਬਈ ਤੋਂ ਸੈਨ ਫਰਾਂਸਿਸਕੋ ਦੀਆਂ ਉਡਾਣਾਂ ਸ਼ਾਮਲ ਹਨ।