ਲੋਕ ਸਭਾ ਚੋਣਾਂ ’ਚ 1996 ਤੋਂ ਬਾਅਦ 2024 ''ਚ ਸਭ ਤੋਂ ਵੱਧ 8,360 ਉਮੀਦਵਾਰ ਲੜ ਰਹੇ ਚੋਣ

05/23/2024 12:02:27 PM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ’ਚ ਇਸ ਵਾਰ ਕੁੱਲ 8,360 ਉਮੀਦਵਾਰ ਮੈਦਾਨ ’ਚ ਹਨ। ਸਰਕਾਰੀ ਅੰਕੜਿਆਂ ਅਨੁਸਾਰ 1996 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਇਨ੍ਹਾਂ ਚੋਣਾਂ ’ਚ ਸਭ ਤੋਂ ਵੱਧ ਉਮੀਦਵਾਰ ਮੈਦਾਨ ’ਚ ਹਨ। ਲੋਕ ਸਭਾ ਦੀਆਂ 543 ਲੋਕ ਸਭਾ ਸੀਟਾਂ ਲਈ 2019 ਦੀਆਂ ਚੋਣਾਂ ’ਚ 8,039 ਉਮੀਦਵਾਰ ਮੈਦਾਨ ’ਚ ਸਨ ਅਤੇ 1996 ’ਚ ਰਿਕਾਰਡ 13,952 ਉਮੀਦਵਾਰਾਂ ਨੇ ਚੋਣ ਲੜੀ ਸੀ। ਸਾਲ 2024 ਦੀਆਂ ਆਮ ਚੋਣਾਂ 7 ਪੜਾਵਾਂ ਵਿਚ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਪੰਜ ਪੜਾਵਾਂ ਦੀ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਛੇਵੇਂ ਅਤੇ ਅੰਤਿਮ ਪੜਾਅ ਤਹਿਤ ਕ੍ਰਮਵਾਰ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਚੌਥੇ ਪੜਾਅ ’ਚ 13 ਮਈ ਨੂੰ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ.) ਦੀਆਂ 96 ਸੰਸਦੀ ਸੀਟਾਂ ਲਈ ਵੋਟਿੰਗ ਹੋਈ ਸੀ।

ਇਸ ਪੜਾਅ ’ਚ ਸਭ ਤੋਂ ਵੱਧ 1,717 ਉਮੀਦਵਾਰ ਚੋਣ ਮੈਦਾਨ ’ਚ ਸਨ। ਚੋਣ ਕਮਿਸ਼ਨ (ਈ.ਸੀ.) ਦੇ ਅੰਕੜਿਆਂ ਅਨੁਸਾਰ, 19 ਅਪ੍ਰੈਲ ਨੂੰ ਹੋਏ ਪਹਿਲੇ ਪੜਾਅ ਵਿਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ 1,625 ਉਮੀਦਵਾਰ ਚੋਣ ਲੜ ਰਹੇ ਸਨ। ਦੂਜੇ ਪੜਾਅ ’ਚ 26 ਅਪ੍ਰੈਲ ਨੂੰ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 89 ਸੀਟਾਂ ’ਤੇ 1,198 ਉਮੀਦਵਾਰ ਸਨ, ਜਦਕਿ 7 ਮਈ ਨੂੰ ਤੀਜੇ ਪੜਾਅ ’ਚ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ’ਤੇ 1,352 ਉਮੀਦਵਾਰ ਸਨ। ਪੰਜਵੇਂ ਪੜਾਅ ’ਚ 20 ਮਈ ਨੂੰ 8 ਸੂਬਿਆਂ ਅਤੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ 695 ਉਮੀਦਵਾਰ ਸਨ। ਕਮਿਸ਼ਨ ਦੇ ਅੰਕੜਿਆਂ ਅਨੁਸਾਰ 25 ਮਈ ਅਤੇ 1 ਜੂਨ ਨੂੰ ਹੋਣ ਵਾਲੇ ਛੇਵੇਂ ਅਤੇ ਸੱਤਵੇਂ ਪੜਾਅ ਲਈ ਕ੍ਰਮਵਾਰ 869 ਅਤੇ 904 ਉਮੀਦਵਾਰ ਚੋਣ ਮੈਦਾਨ ’ਚ ਹਨ। ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 57 ਹਲਕਿਆਂ ਵਿਚ ਕ੍ਰਮਵਾਰ 25 ਮਈ ਅਤੇ 1 ਜੂਨ ਨੂੰ ਵੋਟਿੰਗ ਹੋਵੇਗੀ।

ਸਰਕਾਰੀ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 1952 ’ਚ ਜਿੱਥੇ 1,874 ਸੀ, ਉਥੇ ਹੀ 2024 ’ਚ ਚਾਰ ਗੁਣਾ ਵਧ ਕੇ 8,360 ਹੋ ਗਈ ਹੈ। ਸਾਲ 1952 ’ਚ ਦੇਸ਼ ਵਿਚ ਪਹਿਲੀ ਵਾਰ ਆਮ ਚੋਣਾਂ ਹੋਈਆਂ ਸਨ। ਹੁਣ ਪ੍ਰਤੀ ਹਲਕੇ ਦੇ ਉਮੀਦਵਾਰਾਂ ਦੀ ਔਸਤ ਗਿਣਤੀ 4.67 ਤੋਂ ਵਧ ਕੇ 15.39 ਹੋ ਗਈ ਹੈ। 1977 ਦੀਆਂ 6ਵੀਆਂ ਲੋਕ ਸਭਾ ਚੋਣਾਂ ਦੇ ਅੰਤ ਤੱਕ ਪ੍ਰਤੀ ਲੋਕ ਸਭਾ ਸੀਟ ਔਸਤਨ ਤਿੰਨ ਤੋਂ ਪੰਜ ਉਮੀਦਵਾਰ ਸਨ ਪਰ ਪਿਛਲੀਆਂ ਚੋਣਾਂ ਵਿਚ ਦੇਸ਼ ਭਰ ਵਿਚ ਪ੍ਰਤੀ ਹਲਕੇ 14.8 ਉਮੀਦਵਾਰ ਚੋਣ ਮੈਦਾਨ ’ਚ ਸਨ। ਪਿਛਲੇ ਕੁਝ ਸਾਲਾਂ ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, 1952 ’ਚ 489 ਸੀਟਾਂ ਲਈ 1,874 ਉਮੀਦਵਾਰ ਸਨ, ਪ੍ਰਤੀ ਹਲਕੇ 3.83 ਉਮੀਦਵਾਰ ਸਨ, ਜਦਕਿ 1971 ਵਿਚ ਇਹ ਗਿਣਤੀ ਵਧ ਕੇ 2,784 ਹੋ ਗਈ, ਜਿਸ ਦਾ ਔਸਤਨ 5.37 ਪ੍ਰਤੀ ਚੋਣ ਹਲਕਾ ਸੀ। ਸਾਲ 1977 ’ਚ 2,439 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਪ੍ਰਤੀ ਚੋਣ ਹਲਕਾ ਔਸਤ 4.5 ਸੀ।

ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 1980 ਦੀਆਂ ਚੋਣਾਂ ’ਚ ਪ੍ਰਤੀ ਸੀਟ 8.54 ਦੀ ਔਸਤ ਨਾਲ ਉਮੀਦਵਾਰਾਂ ਦੀ ਗਿਣਤੀ ਵਧ ਕੇ 4,629 ਹੋ ਗਈ। ਸਾਲ 1984-85 ਦੀਆਂ 8ਵੀਆਂ ਆਮ ਚੋਣਾਂ ’ਚ ਪ੍ਰਤੀ ਚੋਣ ਹਲਕੇ 10.13 ਉਮੀਦਵਾਰਾਂ ਦੀ ਔਸਤ ਨਾਲ 5,492 ਉਮੀਦਵਾਰ ਸਨ। ਸਰਕਾਰੀ ਅੰਕੜਿਆਂ ਅਨੁਸਾਰ 1989 ਦੀਆਂ 9ਵੀਆਂ ਆਮ ਚੋਣਾਂ ਵਿਚ ਪ੍ਰਤੀ ਲੋਕ ਸਭਾ ਸੀਟ 11.34 ਦੀ ਔਸਤ ਨਾਲ 6,160 ਉਮੀਦਵਾਰ ਮੈਦਾਨ ’ਚ ਸਨ, ਜਦਕਿ 1991-92 ਦੀਆਂ 10ਵੀਆਂ ਆਮ ਚੋਣਾਂ ’ਚ 8,668 ਉਮੀਦਵਾਰਾਂ ਨੇ 15.96 ਪ੍ਰਤੀ ਸੀਟ ਦੀ ਔਸਤ ਨਾਲ 543 ਸੀਟਾਂ ਲਈ ਚੋਣ ਲੜੀ। ਅੰਕੜਿਆਂ ਅਨੁਸਾਰ 1996 ’ਚ 543 ਲੋਕ ਸਭਾ ਸੀਟਾਂ ਲਈ ਰਿਕਾਰਡ 13,952 ਉਮੀਦਵਾਰ ਮੈਦਾਨ ’ਚ ਸਨ, ਜਦਕਿ ਪ੍ਰਤੀ ਸੀਟ ਔਸਤ ਉਮੀਦਵਾਰ 1991 ’ਚ ਪਿਛਲੀਆਂ ਚੋਣਾਂ ਦੇ 16.38 ਦੇ ਮੁਕਾਬਲੇ ਵਧ ਕੇ 25.69 ਹੋ ਗਏ।

ਕਮਿਸ਼ਨ ਵੱਲੋਂ ਸਕਿਓਰਿਟੀ ਡਿਪਾਜ਼ਿਟ ’ਚ 500 ਰੁਪਏ ਤੋਂ ਵਧਾ ਕੇ 10,000 ਰੁਪਏ ਕਰਨ ਨਾਲ 1998 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਤੀ ਸੀਟ ਉਮੀਦਵਾਰਾਂ ਦੀ ਗਿਣਤੀ ਘੱਟ ਹੋ ਗਈ ਅਤੇ ਇਹ ਪ੍ਰਤੀ ਸੀਟ 8.75 ਹੋ ਗਈ। ਸਾਲ 2004 ’ਚ 543 ਲੋਕ ਸਭਾ ਸੀਟਾਂ ਲਈ 5,435 ਉਮੀਦਵਾਰਾਂ ਦੇ ਨਾਲ ਇਹ ਗਿਣਤੀ 5000 ਦਾ ਅੰਕੜਾ ਪਾਰ ਕਰ ਗਈ ਅਤੇ ਪ੍ਰਤੀ ਸੀਟ ਔਸਤਨ 10 ਤੋਂ ਵੱਧ ਦਾਅਵੇਦਾਰ ਮੈਦਾਨ ’ਚ ਆਏ। ਸਾਲ 2009 ਦੀਆਂ ਆਮ ਚੋਣਾਂ ’ਚ 8,070 ਉਮੀਦਵਾਰ ਸਨ। ਇਸ ਨਾਲ ਪ੍ਰਤੀ ਸੀਟ ਉਮੀਦਵਾਰਾਂ ਦੀ ਔਸਤ ਗਿਣਤੀ 14.86 ਹੋ ਗਈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਕੁੱਲ 8,251 ਉਮੀਦਵਾਰ ਮੈਦਾਨ ’ਚ ਸਨ।


Tanu

Content Editor

Related News