ਵਿੱਤ ਮੰਤਰੀ ਦਾ ਦਾਅਵਾ-PMC ਬੈਂਕ ਦੇ 78 ਫੀਸਦੀ ਖਾਤਾਧਾਰਕਾਂ ਨੂੰ ਬਕਾਇਆ ਵਾਪਸ ਲੈਣ ਦੀ ਆਗਿਆ

12/02/2019 4:21:38 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਤੱਕ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ(PMC) ਬੈਂਕ ਦੇ ਵੱਡੀ ਸੰਖਿਆ ਵਿਚ ਖਾਤਾਧਾਰਕਾਂ ਨੂੰ ਰਾਹਤ ਮਿਲ ਗਈ ਹੈ। ਲੋਕ ਸਭਾ 'ਚ ਬੋਲਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ PMC ਬੈਂਕ ਦੇ 78 ਫੀਸਦੀ ਖਾਤਾਧਾਰਕ ਆਪਣੇ ਖਾਤੇ ਵਿਚੋਂ ਪੂਰਾ ਪੈਸਾ ਕਢਵਾਉਣ ਲਾਇਕ ਹਨ। 

78 ਫੀਸਦੀ ਗਾਹਕਾਂ ਨੂੰ ਇਸ ਤਰ੍ਹਾਂ ਮਿਲੀ ਰਾਹਤ

ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਦੇ ਬਾਅਦ ਭਾਰਤੀ ਰਿਜ਼ਰਵ ਬੈਂਕ(RBI) ਨੇ 23 ਸਤੰਬਰ ਨੂੰ PMC ਬੈਂਕ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਬੈਂਕ ਦੇ ਖਾਤਾਧਾਰਕਾਂ ਨੂੰ ਪੂਰੇ 6 ਮਹੀਨੇ 'ਚ ਸਿਰਫ 1 ਹਜ਼ਾਰ ਰੁਪਏ ਕਢਵਾਉਣ ਦੀ ਆਗਿਆ ਦਿੱਤੀ ਗਈ ਸੀ। ਬਾਅਦ ਵਿਚ ਪੈਸੇ ਕਢਵਾਉਣ ਲਈ ਹੱਦ ਵਧਾ ਕੇ 10,000 ਤੋਂ 25,000 ਤੱਕ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਫਿਰ ਸਰਕਾਰ ਨੇ ਇਸ ਹੱਦ ਨੂੰ ਵਧਾ ਕੇ 40,000 ਰੁਪਏ ਕਰ ਦਿੱਤਾ। ਇਸ ਤੋਂ ਬਾਅਦ 5 ਨਵੰਬਰ ਨੂੰ ਰਿਜ਼ਰਵ ਬੈਂਕ ਨੇ ਇਸ ਹੱਦ ਨੂੰ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤਾ ਸੀ। ਯਾਨੀ ਕਿ ਪੀ.ਐਮ.ਸੀ. ਬੈਂਕ ਦੇ 78 ਫੀਸਦੀ ਖਾਤਾਧਾਰਕਾਂ ਦੀ ਵਧ ਤੋਂ ਵਧ ਜਮ੍ਹਾਂ ਰਾਸ਼ੀ 50 ਹਜ਼ਾਰ ਰੁਪਏ ਤੱਕ ਸੀ।

ਪ੍ਰਮੋਟਰਾਂ ਦੀ ਜ਼ਬਤ ਜਾਇਦਾਦ ਹੋਵੇਗੀ ਨਿਲਾਮ

ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਕਿ ਸਰਕਾਰ PMC ਬੈਂਕ ਦੇ ਖਾਤਾ ਧਾਰਕਾਂ ਦਾ ਸਾਰਾ ਪੈਸਾ ਵਾਪਸ ਕਰਨ ਲਈ ਹਰ ਬਣਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ PMC ਬੈਂਕ ਦੇ ਪ੍ਰਮੋਟਰਾਂ ਦੀ ਜ਼ਬਤ ਜਾਇਦਾਦ ਰਿਜ਼ਰਵ ਬੈਂਕ ਨੂੰ ਸੌਂਪੀ ਜਾਵੇ ਤਾਂ ਜੋ ਨਿਲਾਮੀ ਹੋ ਸਕੇ। ਇਸ ਨਿਲਾਮੀ ਜ਼ਰੀਏ ਮਿਲਣ ਵਾਲੀ ਰਾਸ਼ੀ ਨਾਲ ਖਾਤਾਧਾਰਕਾਂ ਦਾ ਪੈਸਾ ਵਾਪਸ ਕੀਤਾ ਜਾਵੇਗਾ। 

HDIL ਦੀ ਕਰੀਬ 4 ਹਜ਼ਾਰ ਕਰੋੜ ਦਾ ਜਾਇਦਾਦ ਜ਼ਬਤ

PMC ਬੈਂਕ ਦਾ ਘਪਲਾ ਸਾਹਮਣੇ ਆਉਣ ਦੇ ਬਾਅਦ ਇਨਫੋਸਮੈਂਟ ਡਾਇਰੈਕਟੋਰੇਟ ਅਤੇ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ(EOW) ਦੇ ਬੈਂਕ ਅਤੇ HDIL ਦੇ ਪ੍ਰਮੋਟਰਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਰਿਪੋਰਟ ਅਨੁਸਾਰ ਈ.ਡੀ. ਅਤੇ EOW HDIL ਦੇ ਪ੍ਰਮੋਟਰਾਂ ਦੀ ਕਰੀਬ 4 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੇ ਹਨ। ਹੁਣ ਇਸ ਜਾਇਦਾਦ ਦੀ ਨਿਲਾਮੀ ਕਰਕੇ ਖਾਤਾ ਧਾਰਕਾਂ ਦਾ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News