ਓਡੀਸ਼ਾ ’ਚ 73 ਫੀਸਦੀ ਨਵ-ਨਿਯੁਕਤ ਵਿਧਾਇਕ ਕਰੋੜਪਤੀ

06/08/2024 5:35:05 PM

ਨੈਸ਼ਨਲ ਡੈਸਕ- ਓਡੀਸ਼ਾ ’ਚ ਨਵੇਂ ਚੁਣੇ ਗਏ ਵਿਧਾਇਕਾਂ ’ਚੋਂ 73 ਫੀਸਦੀ ਕਰੋੜਪਤੀ ਹਨ। ਇਕ ਰਿਪੋਰਟ ਮੁਤਾਬਕ ਬੀਜੂ ਜਨਤਾ ਦਲ (ਬੀ. ਜੇ. ਡੀ.) ਦੇ ਸਨਾਤਨ ਮਹਾਕੁੜ ਸਭ ਤੋਂ ਅਮੀਰ ਵਿਧਾਇਕ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 227.67 ਕਰੋੜ ਰੁਪਏ ਹੈ। ਓਡੀਸ਼ਾ ਵਿਧਾਨ ਸਭਾ ’ਚ ਕੁੱਲ 147 ਮੈਂਬਰ ਹਨ। ਓਡੀਸ਼ਾ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਨੇ ਸਾਰੇ 147 ਨਵੇਂ ਚੁਣੇ ਗਏ ਵਿਧਾਇਕਾਂ ਦੀਆਂ ਨਾਮਜ਼ਦਗੀਆਂ ਦੇ ਨਾਲ ਜਮ੍ਹਾ ਕੀਤੇ ਗਏ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਦੀ ਆਮਦਨ ਬਾਰੇ ਜਾਣਕਾਰੀ ਇਕੱਠੀ ਕੀਤੀ। ਏ. ਡੀ. ਆਰ. ਨੇ ਪਾਇਆ ਕਿ 2024 ’ਚ ਨਵੇਂ ਚੁਣੇ ਗਏ ਵਿਧਾਇਕਾਂ ’ਚੋਂ 73 ਫੀਸਦੀ ਕਰੋੜਪਤੀ ਹਨ, ਜਦਕਿ 2019 ਦੀਆਂ ਚੋਣਾਂ ’ਚ 95 (65 ਫੀਸਦੀ) ਕਰੋੜਪਤੀ ਵਿਧਾਇਕ ਚੁਣੇ ਗਏ ਸਨ। ਸੂਬੇ ’ਚ 107 ਕਰੋੜਪਤੀ ਵਿਧਾਇਕਾਂ ’ਚੋਂ 52 ਉਮੀਦਵਾਰ ਭਾਰਤੀ ਜਨਤਾ ਪਾਰਟੀ (ਭਾਜਪਾ), 43 ਬੀਜਦ, 9 ਕਾਂਗਰਸ, 1 ਮਾਕਪਾ ਤੋਂ ਅਤੇ 2 ਆਜ਼ਾਦ ਉਮੀਦਵਾਰ ਹਨ।

ਸਾਲ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 78 ਵਿਧਾਨ ਸਭਾ ਸੀਟਾਂ ਜਿੱਤੀਆਂ ਹਨ, ਜਦਕਿ ਬੀ. ਜੇ. ਡੀ. ਨੇ 51, ਕਾਂਗਰਸ ਨੇ 14 ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਮਾਕਪਾ ਨੇ ਇਕ ਸੀਟ ਜਿੱਤੀ ਹੈ। 147 ਜੇਤੂ ਉਮੀਦਵਾਰਾਂ ਵਿਚੋਂ 85 ਉਮੀਦਵਾਰਾਂ ਵਿਰੁੱਧ ਅਪਰਾਧਿਕ ਕੇਸ ਦਰਜ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿਚ 67 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਮੁਤਾਬਕ ਭਾਜਪਾ ਦੇ 78 ਜੇਤੂ ਉਮੀਦਵਾਰਾਂ ’ਚੋਂ 46 ਅਤੇ ਬੀ. ਜੇ. ਡੀ. ਦੇ 51 ਨਵੇਂ ਵਿਧਾਇਕਾਂ ’ਚੋਂ 12 ਨੇ ਆਪਣੇ ਹਲਫ਼ਨਾਮਿਆਂ ਵਿਚ ਐਲਾਨ ਕੀਤਾ ਹੈ ਕਿ ਉਨ੍ਹਾਂ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸੇ ਤਰ੍ਹਾਂ ਕਾਂਗਰਸ ਦੇ 14 ਜੇਤੂ ਵਿਧਾਨ ਸਭਾ ਉਮੀਦਵਾਰਾਂ ’ਚੋਂ ਪੰਜ, ਮਾਕਪਾ ਦੇ ਇਕ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਖ਼ਿਲਾਫ਼ ਵੀ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਓਡੀਸ਼ਾ ਵਿਧਾਨ ਸਭਾ ਚੋਣਾਂ ’ਚ ਹਰ ਜੇਤੂ ਉਮੀਦਵਾਰ ਦੀ ਔਸਤ ਜਾਇਦਾਦ 7.37 ਕਰੋੜ ਰੁਪਏ ਹੈ, ਜਦਕਿ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ 4.41 ਕਰੋੜ ਰੁਪਏ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News