ਕੋਰੋਨਾ ਦੀ ਦੂਜੀ ਲਹਿਰ ''ਚ 719 ਡਾਕਟਰਾਂ ਦੀ ਮੌਤ, ਬਿਹਾਰ ਅਤੇ ਦਿੱਲੀ ''ਚ ਸਭ ਵੱਧ ਗਈਆਂ ਜਾਨਾਂ
Saturday, Jun 12, 2021 - 11:16 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਘੱਟ ਹੋ ਗਿਆ ਹੈ ਪਰ ਮੌਤ ਦਾ ਅੰਕੜਾ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਅਜਿਹੇ 'ਚ ਸੰਕਰਮਣ ਤੋਂ ਲੋਕਾਂ ਨੂੰ ਬਚਾਉਣ 'ਚ ਜੁਟੇ ਡਾਕਟਰ ਵੀ ਆਪਣੀ ਜਾਨ ਗੁਆ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਤਾਜ਼ਾ ਰਿਪੋਰਟ ਅਨੁਸਾਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਹੁਣ ਤੱਕ 719 ਡਾਕਟਰਾਂ ਦੀ ਮੌਤ ਹੋਈ ਹੈ। ਇਸ 'ਚ ਸਭ ਤੋਂ ਵੱਧ ਬਿਹਾਰ ਦੇ ਡਾਕਟਰ ਸ਼ਾਮਲ ਹਨ। ਬਿਹਾਰ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ 111 ਡਾਕਟਰਾਂ ਦੀ ਜਾਨ ਗਈ ਹੈ। ਆਈ.ਐੱਮ.ਏ. ਅਨੁਸਾਰ ਇਸ ਤਰ੍ਹਾਂ ਨਾਲ ਕੋਰੋਨਾ ਸੰਕਰਮਣ ਦੀਆਂ ਦੋਵੇਂ ਲਹਿਰਾਂ 'ਚ ਕੁੱਲ 1467 ਡਾਕਟਰਾਂ ਦੀ ਮੌਤ ਹੋਈ ਹੈ। ਜੇਕਰ ਪਿਛਲੀ ਲਹਿਰ ਦੀ ਗੱਲ ਕਰੀਏ ਤਾਂ 748 ਡਾਕਟਰਾਂ ਦੀ ਜਾਨ ਗਈ ਸੀ।
ਇਹ ਵੀ ਪੜ੍ਹੋ : ਦੇਸ਼ 'ਚ 70 ਦਿਨਾਂ 'ਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਪਰ 4 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ
ਬਿਹਾਰ ਤੋਂ ਬਾਅਦ ਦਿੱਲੀ ਅਜਿਹਾ ਰਾਜ ਹੈ, ਜਿੱਥੇ ਸਭ ਤੋਂ ਵੱਧ ਡਾਕਟਰਾਂ ਦੀ ਮੌਤ ਦਰਜ ਕੀਤੀ ਗਈ ਹੈ। ਜੇਕਰ ਅੰਕੜੇ ਦੀ ਗੱਲ ਕਰੀਏ ਤਾਂ ਦਿੱਲੀ 'ਚ 109, ਉੱਤਰ ਪ੍ਰਦੇਸ਼ 'ਚ 79, ਰਾਜਸਥਾਨ 'ਚ 43, ਝਾਰਖੰਡ 'ਚ 39 ਅਤੇ ਆਂਧਰਾ ਪ੍ਰਦੇਸ਼ 'ਚ 35 ਡਾਕਟਰਾਂ ਦੀ ਜਾਨ ਗਈ ਹੈ। ਹਾਲਾਂਕਿ ਪੁਡੂਚੇਰੀ 'ਚ 1, ਤ੍ਰਿਪੁਰਾ 'ਚ 2, ਉਤਰਾਖੰਡ 'ਚ 2, ਗੋਆ 'ਚ 2 ਅਤੇ ਹਰਿਆਣਾ, ਜੰਮੂ ਕਸ਼ਮੀਰ ਤੇ ਪੰਜਾਬ 'ਚ 3 ਡਾਕਟਰਾਂ ਦੀ ਮੌਤ ਹੋਈ ਹੈ। ਆਈ.ਐੱਮ.ਏ. ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਰੋਨਾ ਦੀ ਦੂਜੀ ਲਹਿਰ 'ਚ ਜ਼ਿਆਦਾਤਰ 30 ਸਾਲ ਤੋਂ 55 ਸਾਲ ਦੇ ਡਾਕਟਰਾਂ ਦੀ ਜਾਨ ਗਈ ਹੈ, ਇਨ੍ਹਾਂ 'ਚੋਂ ਰੇਜੀਡੈਂਟ ਡਾਕਟਰ, ਇੰਟਰਨਸ਼ਿਪ ਕਰਦੇ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਗਰਭਵਤੀ ਡਾਕਟਰ ਬੀਬੀਆਂ ਦੀ ਵੀ ਜਾਨ ਗਈ ਹੈ।