‘ਮੋਦੀ ਸ਼ਾਸਨ ਦੇ 7 ਸਾਲ ’ਚ ਬਰਬਾਦ ਹੋ ਗਿਆ ਦੇਸ਼’

Sunday, May 30, 2021 - 01:17 PM (IST)

ਨਵੀਂ ਦਿੱਲੀ— ਕਾਂਗਰਸ ਨੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਉਸ ਦੀਆਂ ਅਸਫ਼ਲਤਾਵਾਂ ਦੀ ਝੜੀ ਲਾਉਂਦੇ ਹੋਏ ਸਰਕਾਰ ਨੂੰ ਭਾਰਤ ਲਈ ਹਾਨੀਕਾਰਕ ਦੱਸਿਆ। ਕਾਂਗਰਸ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 7 ਸਾਲਾਂ ਵਿਚ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਜਨਤਾ ਉਨ੍ਹਾਂ ਦੀਆਂ ਨਾਕਾਮੀਆਂ ਨੂੰ ਭੁਗਤ ਰਹੀ ਹੈ। ਕਾਂਗਸ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ’ਤੇ ਕਿਹਾ ਕਿ ਮੋਦੀ ਸ਼ਾਸਨ ਦੇ 7 ਸਾਲ ’ਚ ਅਰਥਵਿਵਸਥਾ ਡੁੱਬ ਗਈ ਸਿਸਟਮ ਵਾਂਗ ਬਣ ਗਈ ਹੈ। ਪਿਛਲੇ 7 ਦਹਾਕਿਆਂ ਵਿਚ ਦੇਸ਼ ਨੇ ਜੋ ਤਰੱਕੀ ਕੀਤੀ ਸੀ, ਮੋਦੀ ਸ਼ਾਸਨ ਨੇ 7 ਸਾਲਾਂ ਵਿਚ ਉਸ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ਼ ਅਰਥਵਿਵਸਥਾ ਨੂੰ ਹੀ ਤਬਾਹ ਨਹੀਂ ਕੀਤਾ ਸਗੋਂ ਬੇਰੁਜ਼ਗਾਰੀ ਬੇਤਹਾਸ਼ਾ ਵਧੀ ਹੈ ਅਤੇ 45 ਸਾਲ ਵਿਚ ਦੇਸ਼ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੀ ਹੈ। ਮੋਦੀ ਸ਼ਾਸਨ ਵਿਚ ਮਹਿੰਗਾਈ ਸਿਖਰ ’ਤੇ ਪਹੁੰਚ ਗਈ ਹੈ।

 

ਰਣਦੀਪ ਨੇ ਅੱਗੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਇਸ ਨਾਲ ਚਾਰੋਂ ਪਾਸੇ ਹਾਹਾਕਾਰ ਮਚੀ ਹੋਈ ਹੈ। ਖੁਰਾਕ ਪਦਾਰਥਾਂ ਦੇ ਭਾਅ ਆਸਮਾਨ ਛੂਹ ਰਹੇ ਹਨ। ਪੈਟਰੋਲ 100 ਲੀਟਰ ਅਤੇ ਸਰੋਂ ਦਾ ਤੇਲ 200 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਸਾਲ 2014 ’ਚ ਜਦੋਂ ਮੋਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਪੈਟਰੋਲ ਕਰੀਬ 71 ਰੁਪਏ ਅਤੇ ਡੀਜ਼ਲ 55 ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਸੀ ਪਰ ਅੱਜ ਪੈਟਰੋਲ 102 ਅਤੇ ਡੀਜ਼ਲ 94 ਰੁਪਏ ’ਤੇ ਪਹੁੰਚ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ’ਚ ਵੀ ਜ਼ਬਰਦਸਤ ਵਾਧਾ ਹੋਇਆ ਹੈ। 

ਕਾਂਗਰਸ ਬੁਲਾਰੇ ਨੇ ਕਿਸਾਨਾਂ ਦੇ ਮੁੱਦੇ ’ਤੇ ਵੀ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹੰਕਾਰੀ ਹੈ ਅਤੇ ਉਸ ਨੇ ਦੇਸ਼ ਦੇ ਅੰਨਦਾਤਾ ’ਤੇ ਵੀ ਵਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਕਿਸਾਨ ਨੂੰ ਉਸ ਦੀ ਫ਼ਸਲ ’ਤੇ ਲਾਗਤ ਦਾ 50 ਫ਼ੀਸਦੀ ਮੁਨਾਫ਼ਾ ਦੇਣ ਦਾ ਵਾਅਦਾ ਕਰ ਕੇ ਸੱਤਾ ’ਚ ਆਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਸੰਸਦ ’ਚ ਪਾਸ ਕਰਵਾ ਦਿੱਤਾ। 


Tanu

Content Editor

Related News