ਅਸਮਾਨੀ ਬਿਜਲੀ ਡਿੱਗਣ ਕਾਰਨ 7 ਲੋਕਾਂ ਦੀ ਮੌਤ, 3 ਝੁਲਸੇ
Sunday, Sep 08, 2024 - 09:13 PM (IST)
ਨੈਸ਼ਨਲ ਡੈਸਕ - ਛੱਤੀਸਗੜ੍ਹ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਪੁਲਸ ਨੇ ਦੱਸਿਆ ਕਿ ਬਲੋਦਾਬਾਜ਼ਾਰ ਭਾਟਾਪਾੜਾ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਮੋਹਤਾਰਾ ਪਿੰਡ ਵਿੱਚ ਵਾਪਰੀ ਜਦੋਂ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕ ਇੱਕ ਖੇਤ ਵਿੱਚ ਕੰਮ ਕਰ ਰਹੇ ਸਨ। ਮੁੱਢਲੀ ਜਾਣਕਾਰੀ ਅਨੁਸਾਰ ਇਹ ਲੋਕ ਭਾਰੀ ਮੀਂਹ ਦੌਰਾਨ ਆਪਣੇ ਖੇਤ ਦੇ ਕੋਲ ਛੱਪੜ ਦੇ ਕੰਢੇ ਇਕੱਠੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ 'ਤੇ ਅਸਮਾਨੀ ਬਿਜਲੀ ਡਿੱਗ ਗਈ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁਕੇਸ਼ (20), ਟੰਕਰ ਸਾਹੂ (30), ਸੰਤੋਸ਼ ਸਾਹੂ (40), ਥਾਨੇਸ਼ਵਰ ਸਾਹੂ (18), ਪੋਖਰਾਜ ਵਿਸ਼ਵਕਰਮਾ (38), ਦੇਵ ਦਾਸ (22) ਅਤੇ ਵਿਜੇ ਸਾਹੂ (23) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਦਾਂਤੇਵਾੜਾ ਜ਼ਿਲ੍ਹੇ ਵਿੱਚ ਅਰਧ ਸੈਨਿਕ ਬਲ ਦੇ ਇੱਕ ਨਕਸਲ ਵਿਰੋਧੀ ਸਿਖਲਾਈ ਕੇਂਦਰ ਵਿੱਚ ਬਿਜਲੀ ਡਿੱਗਣ ਨਾਲ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐਫ) ਦੇ ਦੋ ਜਵਾਨਾਂ ਦੀ ਮੌਤ ਹੋ ਗਈ ਸੀ।