ਰਿਪੋਰਟ ''ਚ ਖ਼ੁਲਾਸਾ : ਹਿਮਾਚਲ ''ਚ 66 ਫ਼ੀਸਦੀ ਬਜ਼ੁਰਗ ਔਰਤਾਂ ਹੋਈਆਂ ਸਰੀਰਕ ਹਿੰਸਾ ਦਾ ਸ਼ਿਕਾਰ
Thursday, Jun 15, 2023 - 02:05 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਕਰੀਬ 66 ਫ਼ੀਸਦੀ ਬਜ਼ੁਰਗ ਔਰਤਾਂ ਸਰੀਰਕ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਇਸ ਲਈ 56 ਫੀਸਦੀ ਮਾਮਲਿਆਂ 'ਚ ਪੁੱਤ ਜ਼ਿੰਮੇਵਾਰ ਹੁੰਦੇ ਹਨ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। 'ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ' ਤੋਂ ਪਹਿਲਾਂ 'ਵੀਮੈਨ ਐਂਡ ਏਜਿੰਗ: ਇਨਵਿਜੀਬਲ ਅਤੇ ਐਮਪਾਵਰਡ?' ਸਿਰਲੇਖ ਵਾਲੀ ਇਕ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਰਾਜ 'ਚ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੀਆਂ ਬਜ਼ੁਰਗ ਔਰਤਾਂ ਦਾ ਫ਼ੀਸਲੀ, 50 ਫ਼ੀਸਦੀ ਦੇ ਰਾਸ਼ਟਰੀ ਫ਼ੀਸਦੀ ਤੋਂ ਵੱਧ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬਜ਼ੁਰਗਾਂ ਖ਼ਿਲਾਫ਼ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਰਾਸ਼ਟਰੀ ਪੱਧਰ 'ਤੇ 16 ਫ਼ੀਸਦੀ ਅਤੇ ਹਿਮਾਚਲ ਪ੍ਰਦੇਸ਼ 'ਚ 15 ਫ਼ੀਸਦੀ ਦੀ ਦਰ ਨਾਲ ਵੱਧ ਰਹੀਆਂ ਹਨ।
ਹਿਮਾਚਲ ਪ੍ਰਦੇਸ਼ 'ਚ ਲਗਭਗ 3.66 ਲੱਖ ਬਜ਼ੁਰਗ ਔਰਤਾਂ ਹਨ ਅਤੇ ਇਹ ਗਿਣਤੀ ਬਜ਼ੁਰਗ ਪੁਰਸ਼ ਆਬਾਦੀ ਦੀ ਤੁਲਨਾ ਤੋਂ ਵੱਧ ਹੈ। 'ਹੇਲਪਏਜ ਇੰਡੀਆ' ਦੇ ਰਾਜ ਮੁਖੀ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਕਰੀਬ 17 ਫ਼ੀਸਦੀ ਬਜ਼ੁਰਗ ਔਰਤਾਂ ਨੇ 'ਅਪਮਾਨ' ਦਾ ਜਦੋਂ ਕਿ ਹੋਰ 17 ਫੀਸਦੀ ਨੇ 'ਭਾਵਨਾਤਮਕ/ਮਨੋਵਿਗਿਆਨਕ ਪਰੇਸ਼ਾਨੀ' ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ 56 ਫ਼ੀਸਦੀ ਮਾਮਲਿਆਂ 'ਚ ਮੁੱਖ ਮੁਲਜ਼ਮ ਬੇਟਾ ਸੀ, ਉਸ ਤੋਂ ਬਾਅਦ 15 ਫੀਸਦੀ ਮਾਮਲਿਆਂ 'ਚ ਨੂੰਹਾਂ ਅਤੇ 12 ਫੀਸਦੀ ਮਾਮਲਿਆਂ 'ਚ ਰਿਸ਼ਤੇਦਾਰਾਂ ਨੇ ਬਜ਼ੁਰਗ ਔਰਤਾਂ ਦਾ ਸ਼ੋਸ਼ਣ ਕੀਤਾ। ਉਨ੍ਹਾਂ ਅਨੁਸਾਰ, 48 ਫ਼ੀਸਦੀ ਬਜ਼ੁਰਗ ਔਰਤਾਂ ਨੇ ਕਿਹਾ ਕਿ ਉਹ ਆਰਥਿਕ ਰੂਪ ਨਾਲ ਅਸੁਰੱਖਿਅਤ ਹਨ।
ਹਿਮਾਚਲ ਪ੍ਰਦੇਸ਼ ਵਿਚ 94 ਫੀਸਦੀ ਬਜ਼ੁਰਗ ਔਰਤਾਂ ਆਪਣੇ ਪਰਿਵਾਰਾਂ ਨਾਲ ਰਹਿੰਦੀਆਂ ਹਨ, 3 ਫੀਸਦੀ ਇਕੱਲੀਆਂ ਰਹਿੰਦੀਆਂ ਹਨ, 2 ਫੀਸਦੀ ਆਪਣੇ ਪਤੀਆਂ ਨਾਲ ਅਤੇ ਇਕ ਫੀਸਦੀ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦੀਆਂ ਹਨ। ਉਨ੍ਹਾਂ 'ਚੋਂ ਲਗਭਗ 70 ਫੀਸਦੀ ਵਿਆਹੁਤਾ ਹਨ, 27 ਫੀਸਦੀ ਵਿਧਵਾ ਅਤੇ ਇਕ ਫੀਸਦੀ ਬਜ਼ੁਰਗ ਔਰਤਾਂ ਅਣਵਿਆਹੀਆਂ ਅਤੇ ਤਲਾਕਸ਼ੁਦਾ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 58 ਫੀਸਦੀ ਸ਼ੋਸ਼ਣ ਪੀੜਤਾਂ ਨੇ ਬਦਲੇ ਦੇ ਡਰੋਂ ਇਸ ਦਾ ਖੁਲਾਸਾ ਨਹੀਂ ਕੀਤਾ, 48 ਫੀਸਦੀ ਮਾਮਲੇ ਜਾਗਰੂਕਤਾ ਦੀ ਘਾਟ ਕਾਰਨ ਵਾਪਸ ਲੈ ਲਏ ਗਏ ਅਤੇ 26 ਫੀਸਦੀ ਬਜ਼ੁਰਗ ਔਰਤਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਵੇਗਾ। ਲਗਭਗ 34 ਫੀਸਦੀ ਬਜ਼ੁਰਗ ਔਰਤਾਂ ਨੇ ਕਿਹਾ ਕਿ ਉਨ੍ਹਾਂ ਨਾਲ ਲਿੰਗ ਦੇ ਆਧਾਰ 'ਤੇ ਭੇਦਭਾਵ ਕੀਤਾ ਜਾਂਦਾ ਹੈ, ਜਦੋਂ ਕਿ 58 ਫੀਸਦੀ ਨੇ ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ।